Punjab

ਹਰਪਾਲ ਸਿੰਘ ਚੀਮਾ ਨੇ ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ‘ਤੇ ਸੈਕਟਰ 16 ਵਿਖੇ ਕਲਾ ਭਵਨ ਵਿੱਚ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

ਚੰਡੀਗੜ੍ਹ, 19 ਅਗਸਤ 2024- ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ‘ਤੇ ਸੈਕਟਰ 16 ਵਿਖੇ ਕਲਾ ਭਵਨ ਵਿੱਚ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਪੰਜਾਬ ਕਲਾ ਭਵਨ ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰਦਰਸ਼ਨੀ 21 ਅਗਸਤ ਤੱਕ ਚੱਲੇਗੀ।

ਇਸ ਪ੍ਰਦਰਸ਼ਨੀ ਵਿੱਚ 60 ਤੋਂ ਵੱਧ ਪ੍ਰਤਿਭਾਸ਼ਾਲੀ ਫੋਟੋਗ੍ਰਾਫਰਾਂ ਵਲੋਂ 150 ਤਸਵੀਰਾਂ ਰੱਖੀਆਂ ਗਈਆਂ ਹਨ, ਜੋ ਉਨ੍ਹਾਂ ਦੀ ਸਿਰਜਣਾਤਮਕ ਦ੍ਰਿਸ਼ਟੀ ਅਤੇ ਕੌਸ਼ਲ ਨੂੰ ਦਰਸਾਉਂਦੀਆਂ ਹਨ। ਇਸ ਮੌਕੇ ‘ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ, ਫੋਟੋਗ੍ਰਾਫਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ‘ਤੇ ਸਾਰੇ ਫੋਟੋਗ੍ਰਾਫਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਕਲਾ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ‘ਤੇ ਪ੍ਰਸਿੱਧ ਫੋਟੋਗ੍ਰਾਫਰ ਸੰਜੀਵ ਸ਼ਰਮਾ, ਟੀ.ਐਸ. ਬੇਦੀ, ਰਜਨੀਸ਼ ਕਟਿਆਲ, ਅਜੈ ਵਰਮਾ ਅਤੇ ਜੈਪਾਲ ਨੂੰ ਫੋਟੋਗ੍ਰਾਫੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਫੋਟੋਗ੍ਰਾਫਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਸੌਂਪੇ।

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਫੋਟੋਗ੍ਰਾਫਰਾਂ ਵਿੱਚ ਲੋਕਾਂ ਦੀਆਂ ਭਾਵਨਾਵਾਂ ਅਤੇ ਕੀਮਤੀ ਪਲਾਂ ਨੂੰ ਕੈਦ ਕਰਨ ਅਤੇ ਉਨ੍ਹਾਂ ਨੂੰ ਸਦੀਆਂ ਤੱਕ ਯਾਦਾਂ ਵਿੱਚ ਬਦਲਣ ਦੀ ਵਿਲੱਖਣ ਯੋਗਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫਰ ਸਾਡੇ ਸਮਾਜ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ, ਜੋ ਸਾਨੂੰ ਸਾਡੇ ਅਤੀਤ, ਭਵਿੱਖ ਅਤੇ ਪ੍ਰਕਿਰਤੀ ਨਾਲ ਜੋੜਨ ਦੀ ਤਾਕਤ ਰੱਖਦੇ ਹਨ।

ਇਸ ਮੌਕੇ ‘ਤੇ ਕਲੱਬ ਦੇ ਪ੍ਰਧਾਨ ਨਲਿਨ ਆਚਾਰਿਆ, ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਅਤੇ ਬਲਵਿੰਦਰ ਜੰਮੂ, ਕਲੱਬ ਦੀ ਫੋਟੋ ਜਰਨਲਿਸਟ ਕਮੇਟੀ ਦੇ ਚੇਅਰਮੈਨ ਉਪਿੰਦਰ ਸੇਨਗੁਪਤਾ, ਕਮੇਟੀ ਦੇ ਮੈਂਬਰ ਵਿਨੇ ਮਲਿਕ, ਅਜੈ ਜਾਲੰਧਰੀ, ਜਸਵਿੰਦਰ ਜੱਸੀ, ਆਰਪੀ ਸ਼ਰਮਾ ਅਤੇ ਅਮਨਪ੍ਰੀਤ ਦੇ ਨਾਲ-ਨਾਲ ਕਈ ਹੋਰ ਪ੍ਰਮੁੱਖ ਪੱਤਰਕਾਰ ਅਤੇ ਪ੍ਰੈੱਸ ਫੋਟੋਗ੍ਰਾਫਰ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button