New Delhi/Chandigarh, June 26,2024,(Bol Punjab De):- ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਸੂਬੇ ਦੇ ਵਿੱਤੀ ਹਿੱਤਾਂ ਨੂੰ ਢਾਅ ਲਾਉਣ ਲਈ ਮਨਸੂਬੇ ਤਹਿਤ ਕੰਮ ਕਰਨ ਦਾ ਦੋਸ਼ ਲਾਉਂਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (Member of Parliament Gurmeet Singh Meet Here) ਨੇ ਕਿਹਾ ਕਿ ਉਹ ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ ਅਤੇ ਮੰਡੀ ਵਿਕਾਸ ਫ਼ੰਡ ਦਾ 7 ਹਜ਼ਾਰ ਕਰੋੜ ਤੇ ਕੌਮੀ ਸਿਹਤ ਮਿਸ਼ਨ, ਸਰਵ ਸਿੱਖਿਆ ਅਭਿਆਨ ਅਤੇ ਹੋਰ ਕੇਂਦਰੀ ਸਕੀਮਾ ਤਹਿਤ ਸੂਬੇ ਦੇ ਫੰਡਾਂ ਨੂੰ ਕੇਂਦਰ ਦੁਆਰਾ ਜਾਣਬੁਝ ਰੋਕਣ ਦਾ ਮੁੱਦਾ ਪਾਰਲੀਮੈਂਟ ਵਿਚ ਜ਼ੋਰਦਾਰ ਤਰੀਕੇ ਉਠਾਉਣਗੇ।ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੇ ਵਿੱਤੀ ਹੱਕਾਂ ’ਤੇ ਕੇਂਦਰ ਦੇ ਹੋ ਰਹੇ ਇਸ ਹਮਲੇ ਖਿਲਾਫ ਜ਼ੋਰਦਾਰ ਆਵਾਜ਼ ਉਠਾਉਣਗੇ ਜਦੋਂ ਤੱਕ ਸੂਬੇ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।
ਲੋਕ ਸਭਾ ਦੇ ਸਪੀਕਰ ਦੀ ਚੋਣ ਨੂੰ ਲੈ ਕੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਰਤੀ ਲੋਕਤੰਤਰ ਵਿਚ ਰਵਾਇਤ ਰਹੀ ਹੈ ਕਿ ਲੋਕ ਸਭਾ ਵਿਚ ਸਪੀਕਰ ਸੱਤਾਧਾਰੀ ਧਿਰ ਦਾ ਰਿਹਾ ਹੈ ਜਦ ਕਿ ਡਿਪਟੀ ਸਪੀਕਰ ਹਮੇਸ਼ਾ ਵਿਰੋਧੀ ਧਿਰ ਨਾਲ ਸਬੰਧਤ ਰਿਹਾ ਹੈ ਪਰ ਭਾਜਪਾ ਇਸ ਲੋਕਤੰਤਰ ਪੱਖੀ ਰਵਾਇਤ ਨੂੰ ਤੋੜ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਲੋਕਤੰਤਰ ਵਿਰੋਧੀ ਕਦਮ ਖਿਲਾਫ਼ ਡਟਣ ਦੀ ਭਾਵਨਾ ਨਾਲ ਵਿਰੋਧੀ ਧਿਰਾਂ ਨੇ ਸਪੀਕਰ ਦੀ ਚੋਣ ਕਰਵਾਏ ਜਾਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੀ ਪਾਰਲੀਮਾਨੀ ਚੋਣ ਹੀ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੇ ਮੁੱਦੇ ਤੇ ਲੜੀ ਗਈ ਸੀ ਜਿਸ ਨੂੰ ਪੂਰੇ ਮੁਲਕ ਦੇ ਲੋਕਾਂ ਨੇ ਉਸਾਰੂ ਹੁੰਗਾਰਾ ਦਿੱਤਾ ਹੈ,ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਲੋਕ ਸਭਾ ਵਿਚ ਚੁਣਕੇ ਭੇਜਿਆ ਹੈ ਅਤੇ ਉਹ ਸੂਬੇ ਦੇ ਹੱਕਾਂ ਨੂੰ ਹਰ ਪੱਖੋਂ ਮਹਿਫੂਜ਼ ਰੱਖਣ ਲਈ ਕੇਂਦਰ ਦੇ ਪੰਜਾਬ ਵਿਰੋਧੀ ਹਰ ਫੈਸਲੇ ਦਾ ਜ਼ੋਰਦਾਰ ਵਿਰੋਧ ਕਰਨਗੇ।