ਅੱਜ ਪੁਲਿਸ ਨੇ ਐੱਸਐੱਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਦੀ ਅਗਵਾਈ ਵਿਚ ਕਾਸੋ ਆਪ੍ਰੇਸ਼ਨ ਚਲਾਇਆ
Dinanagar,16 June,(Bol Punjab De):- ਦੀਨਾਨਗਰ ਦੇ ਡੀਡਾ ਸਾਸੀਆਂ ਪਿੰਡ ਵਿਚ ਬੀਤੇ ਦਿਨੀਂ ਤਿੰਨ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ ਜਿਨ੍ਹਾਂ ਵਿਚੋਂ ਇਕ ਲੜਕਾ ਪ੍ਰਿੰਸ ਪਠਾਨਕੋਟ ਤੇ ਦੋ ਲੜਕੇ ਸਚਿਨ ਤੇ ਰਾਕੇਸ਼ ਜੰਮੂ ਲਖਨਪੁਰ ਦੇ ਰਹਿਣ ਵਾਲੇ ਹਨ,ਪਰਿਵਾਰ ਨੇ ਦੋਸ਼ ਲਗਾਏ ਹਨ,ਕਿ ਇਸ ਪਿੰਡ ਵਿਚ ਨਸ਼ਾ ਸ਼ਰੇਆਮ ਵਿਕਦਾ ਹੈ,ਇਸ ਲਈ ਲੋਕ ਨਸ਼ਾ ਲੈਣ ਲਈ ਇਸ ਪਿੰਡ ਵਿਚ ਆਉਂਦੇ ਸਨ।
ਅੱਜ ਪੁਲਿਸ ਨੇ ਐੱਸਐੱਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ (SSP Gurdaspur Dayama Harish Kumar) ਦੀ ਅਗਵਾਈ ਵਿਚ ਕਾਸੋ ਆਪ੍ਰੇਸ਼ਨ ਚਲਾਇਆ,ਇਥੇ ਉਨ੍ਹਾਂ ਨੇ ਪਿੰਡ ਵਿਚ ਹਰ ਇਕ ਘਰ ਦੀ ਤਲਾਸ਼ੀ ਲਈ,ਇਸ ਦੌਰਾਨ ਦੇਖਿਆ ਕਿ ਕਈ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਉਥੋਂ ਜਾ ਚੁੱਕੇ ਸਨ,ਦੂਜੇ ਪਾਸੇ ਐੱਸਐੱਸਪੀ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਕਿ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਤੇ ਪੁਲਿਸ ਦੇ ਡਰ ਤੋਂ ਹੁਣ ਘਰ ਛੱਡ ਕੇ ਜਾ ਚੁੱਕੇ ਹਨ।
ਐੱਸਐੱਸਪੀ (SSP) ਨੇ ਕਿਹਾ ਕਿ ਮੈਜਿਸਟ੍ਰੇਟ ਤੋਂ ਹੁਕਮ ਲੈ ਕੇ ਇਨ੍ਹਾਂ ਘਰਾਂ ਦੇ ਤਾਲੇ ਤੁੜਵਾ ਕੇ ਘਰਾਂ ਦੀ ਚੈਕਿੰਗ ਕੀਤੀ ਜਾਵੇਗੀ ਤੇ ਜੋ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ,ਉਨ੍ਹਾਂ ਦੀ ਜ਼ਮੀਨ ਜ਼ਬਤ ਕਰਨ ਲਈ ਸਰਕਾਰ ਨੂੰ ਲਿਖਿਆ ਜਾਵੇਗਾ,ਉਨ੍ਹਾਂ ਕਿਹਾ ਕਿ ਹੁਣ ਤੱਕ 17 ਲੋਕਾਂ ਖਿਲਾਫ ਮਾਮਲੇ ਦਰਜ ਕਰਕੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਬਾਕੀ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਯਸ਼ਪਾਲ ਨੇ ਦੱਸਿਆ ਕਿ ਇਸ ਪਿੰਡ ਵਿਚ ਲੰਬੇ ਸਮੇਂ ਤੋਂ ਨਸ਼ਾ ਵਿਕਦਾ ਆ ਰਿਹਾ ਹੈ,ਇਸ ਬਾਰੇ ਕਈ ਵਾਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ,ਪਰ ਕੋਈ ਵੀ ਕਾਰਵਾਈ ਨਹੀਂ ਹੋਈ,ਉਨ੍ਹਾਂ ਕਿਹਾ ਕਿ ਜਿਵੇਂ ਹੁਣ ਪੁਲਿਸ ਛਾਪੇਮਾਰੀ ਕਰ ਰਹੀ ਹੈ ਜੇਕਰ ਇਹੀ ਕਾਰਵਾਈ ਪਹਿਲਾਂ ਕੀਤੀ ਹੁੰਦੀ ਤਾਂ ਸ਼ਾਇਦ 3 ਲੋਕਾਂ ਦੀ ਜਾਨ ਬਚ ਸਕਦੀ ਸੀ।