ਸੁਨਾਮ,16 ਜੂਨ 2024,(ਦਰਸ਼ਨ ਸਿੰਘ ਚੌਹਾਨ),(Bol Punjan De):- ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸੁਨਾਮ ਵਿਧਾਨ ਸਭਾ ਹਲਕੇ ਵਿੱਚ ਹੋਈ ਨਮੋਸ਼ੀ ਭਰੀ ਹਾਰ ਕਾਰਨ ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਨਿਰਾਸ਼ਤਾ ਦੇਖਣ ਨੂੰ ਮਿਲ ਰਹੀ ਹੈ,ਐਤਵਾਰ ਨੂੰ ਅਰਬਨ ਕਰੇਬ ਰੈਸਟੋਰੈਂਟ ਵਿਖੇ ਹਲਕੇ ਨਾਲ ਸਬੰਧਿਤ ਕਾਂਗਰਸੀਆਂ ਦੀ ਹੋਈ ਮੀਟਿੰਗ ਵਿੱਚ ਲੋਕ ਸਭਾ ਹਲਕਾ ਸੰਗਰੂਰ ਸੀਟ ਤੇ ਹੋਈ ਹਾਰ ਦੇ ਕਾਰਨਾਂ ਦਾ ਮੰਥਨ ਕਰਦਿਆਂ ਆਗੂਆਂ ਨੇ ਆਖਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਇੱਕ ਦੂਜੇ ਨੂੰ ਹਰਾਉਣ ਦੀ ਬਜਾਏ ਇੱਕਜੁੱਟ ਹੋਣਾ ਚਾਹੀਦਾ ਹੈ।
ਕਾਂਗਰਸ ਆਗੂਆਂ ਦੀ ਅਜਿਹੀ ਬਿਆਨਬਾਜ਼ੀ ਤੋਂ ਸਪਸ਼ਟ ਦਿਖਾਈ ਦਿੱਤਾ ਕਿ ਪਾਰਟੀ ਆਗੂਆਂ ਵਿੱਚ ਇੱਕਜੁੱਟਤਾ ਨਹੀਂ ਹੈ। ਸੁਨਾਮ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਆਗੂਆਂ ਦੀ ਪਾਟੋਧਾੜ ਕਾਰਨ ਪਾਰਟੀ ਲੋਕ ਸਭਾ ਚੋਣਾਂ ਦੌਰਾਨ ਆਪਣਾ ਕੋਰ ਵੋਟ ਬੈਂਕ ਵੀ ਹਾਸਲ ਨਹੀਂ ਕਰ ਸਕੀ, ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਸੁਨਾਮ ਵਿਧਾਨ ਸਭਾ ਹਲਕੇ ਵਿੱਚੋਂ ਸਿਰਫ਼ 17450 ਵੋਟਾਂ ਹੀ ਹਾਸਲ ਹੋਈਆਂ ਸਨ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪ੍ਰਮੋਦ ਅਵਸਥੀ, ਜਸਪਾਲ ਸਿੰਘ ਵਿਰਕ, ਸਾਬਕਾ ਸਰਪੰਚ ਜਗਦੇਵ ਸਿੰਘ ਦੌਲਾ ਸਿੰਘ ਵਾਲਾ, ਰਿੰਪਲ ਧਾਲੀਵਾਲ ਲਖਮੀਰਵਾਲਾ, ਕ੍ਰਿਪਾਲ ਸਿੰਘ ਭੰਗੂ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ , ਕਰਮਜੀਤ ਕੌਰ ਮਾਡਲ ਟਾਊਨ ਨੇ ਕਿਹਾ ਕਿ ਸੁਨਾਮ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਦਿਨੋਂ ਦਿਨ ਡਿੱਗ ਰਹੇ ਗਰਾਫ ਨੂੰ ਸੰਭਾਲਣ ਦੀ ਫੌਰੀ ਲੋੜ ਹੈ ਤਾਂ ਜੋ ਪਾਰਟੀ ਨੂੰ 2027 ਦੀ ਵਿਧਾਨ ਸਭਾ ਦੀ ਚੋਣ ਵਿੱਚ ਜਿੱਤ ਨਸੀਬ ਹੋ ਸਕੇ। ਉਨ੍ਹਾਂ ਕਿਹਾ ਕਿ ਸਾਰੇ ਹੀ ਪਾਰਟੀ ਵਰਕਰਾਂ ਨੂੰ ਮਿਲ ਜੁਲਕੇ ਰਹਿਣਾ ਚਾਹੀਦਾ ਹੈ ਨਾ ਕਿ ਇੱਕ ਦੂਜੇ ਦੇ ਪੈਰ ਵੱਢਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਵਾਰਡ ਅਤੇ ਪਿੰਡ ਪੱਧਰ ਤੇ ਕਮੇਟੀਆਂ ਦਾ ਗਠਨ ਹੋਣਾ ਚਾਹੀਦਾ ਹੈ। ਉਹਨਾਂ ਨੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੀਡਰ ਕਦੇ ਵੀ ਆਪਣੇ ਆਪ ਨਹੀਂ ਬਣਦੇ ਉਹ ਵਰਕਰਾਂ ਦੁਆਰਾ ਹੀ ਬਣਾਏ ਜਾਂਦੇ ਹਨ। ਕਾਂਗਰਸੀ ਵਰਕਰਾਂ ਬੁੱਧ ਰਾਮ ,ਮਲਕੀਤ ਸਿੰਘ ਥਿੰਦ, ਬਿੱਟੂ ਤੋਗਾਵਾਲ ਨੇ ਵੀ ਵਰਕਰਾਂ ਦੀ ਸੁਣਵਾਈ ਦਾ ਨਾ ਹੋਣਾ ਕਾਂਗਰਸ ਪਾਰਟੀ ਦੀ ਹਾਰ ਦਾ ਇੱਕ ਕਾਰਨ ਦੱਸਿਆ ਅਤੇ ਪਾਰਟੀ ਨਾਲ ਚੱਲਣ ਦਾ ਪ੍ਰਣ ਕੀਤਾ ।ਇਸ ਮੌਕੇ ਬਲਵਿੰਦਰ ਸਿੰਘ ਖੇੜੀ, ਪਰਮਾਨੰਦ ਕਾਂਸਲ , ਅਜੈਬ ਸਿੰਘ ਸੱਗੂ, ਪ੍ਰਿਤਪਾਲ ਸ਼ਰਮਾ, ਗੁਰਮੀਤ ਸ਼ਰਮਾ, ਬਲਦੇਵ ਭੋਲਾ, ਅਮਰਜੀਤ ਸ਼ੇਰੋਂ, ਮੁਲਖਾ ਸਿੰਘ ਕੁੰਨਰਾਂ ,ਭਰਪੂਰ ਸਿੰਘ ਆਦਿ ਹਾਜ਼ਰ ਸਨ।