Punjab

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ SFJ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ

– ਤਿੰਨ ਮੋਬਾਈਲ ਫ਼ੋਨ, ਦੋ ਡੌਂਗਲ, ਇੱਕ ਆਧਾਰ ਕਾਰਡ ਅਤੇ ਇੱਕ ਏਟੀਐਮ ਕਾਰਡ ਬਰਾਮਦ

– ਮੁਲਜ਼ਮ ਗੋਗੀ ਸਿੰਘ ਐਸਐਫਜੇ ਦਾ ਮੁੱਖ ਸੰਚਾਲਕ ਹੈ ਅਤੇ ਨਿਊਯਾਰਕ ਸਥਿਤ ਗੁਰਪਤਵੰਤ ਪੰਨੂ ਨਾਲ ਸਿੱਧਾ ਸੰਪਰਕ ਵਿੱਚ ਸੀ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ/ਬਠਿੰਡਾ, 14 ਮਈ:- ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ ਪੁਲਿਸ ਬਠਿੰਡਾ (Police Bathinda) ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਤਿੰਨ ਕਾਰਕੁਨਾਂ ਨੂੰ ਪੰਜਾਬ ਵਿੱਚ ਬਠਿੰਡਾ ਅਤੇ ਦਿੱਲੀ ਦੀਆਂ ਵੱਖ-ਵੱਖ ਜਨਤਕ ਥਾਵਾਂ ‘ਤੇ ਖਾਲਿਸਤਾਨ (Khalistan) ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਦੱਸਣਯੋਗ ਹੈ ਕਿ ਨਿਊਯਾਰਕ ਅਧਾਰਿਤ ਐਸਐਫਜੇ- ਜੋ ਮਾਸਟਰ ਮਾਈਂਡ ਗੁਰਪਤਵੰਤ ਸਿੰਘ ਪੰਨੂ ਦੀ ਹਮਾਇਤ ਪ੍ਰਾਪਤ ਹੈ- ਨੂੰ ਭਾਰਤ ਸਰਕਾਰ ਵੱਲੋਂ ਗੈਰ-ਕਾਨੂੰਨੀ ਸੰਗਠਨ ਵਜੋਂ ਮਨੋਨੀਤ ਕੀਤਾ ਗਿਆ ਹੈ। ਹਾਲ ਹੀ ‘ਚ 24 ਅਪ੍ਰੈਲ ਨੂੰ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਦੀਆਂ ਕੰਧਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਪਾਏ ਗਏ ਸਨ, ਜਿਸ ਤੋਂ ਕੁਝ ਦਿਨਾਂ ਬਾਅਦ 9 ਮਈ ਨੂੰ ਦਿੱਲੀ ਦੇ ਝੰਡੇਵਾਲ ਮੈਟਰੋ ਸਟੇਸ਼ਨ ਅਤੇ ਕਰੋਲ ਬਾਗ ਮੈਟਰੋ ਸਟੇਸ਼ਨ ‘ਤੇ ਵੀ ਅਜਿਹੇ ਹੀ ਨਾਅਰੇ ਲਿਖੇ ਹੋਏ ਪਾਏ ਗਏ ਸਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੋਗੀ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ, ਬਠਿੰਡਾ ਅਤੇ ਜੌਨੀ ਵਾਸੀ ਪਿੰਡ ਜਿਓਣ ਸਿੰਘ ਵਾਲਾ, ਤਲਵੰਡੀ ਸਾਬੋ ਵਜੋਂ ਹੋਈ ਹੈ, ਜਦਕਿ ਤੀਜਾ ਮੁਲਜ਼ਮ ਜਿਸ ਦੀ ਪਛਾਣ ਪਛਾਣ ਪ੍ਰਿਤਪਾਲ ਸਿੰਘ ਵਾਸੀ ਪਿੰਡ ਡੋਡ, ਫਰੀਦਕੋਟ ਵਜੋਂ ਹੋਈ ਹੈ, ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਪ੍ਰਿਤਪਾਲ ਨੂੰ ਜੀ-20 ਦੌਰਾਨ ਦਿੱਲੀ ਮੈਟਰੋ ਅਤੇ ਬਠਿੰਡਾ ਥਰਮਲ ਪਲਾਂਟ ‘ਤੇ ਗਰੈਫਿਟੀ ਲਿਖਣ ਦੇ ਦੋਸ਼ ‘ਚ ਵੀ ਗ੍ਰਿਫਤਾਰ ਕੀਤਾ ਗਿਆ ਸੀ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੋਗੀ ਸਿੰਘ, ਜੋ ਕਿ ਐਸਐਫਜੇ ਦਾ ਮੁੱਖ ਸੰਚਾਲਕ ਹੈ, ਗੁਰਪਤਵੰਤ ਸਿੰਘ ਪੰਨੂ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਉਸ ਨੇ ਪੰਨੂ ਦੇ ਨਿਰਦੇਸ਼ਾਂ ‘ਤੇ ਪੈਸਿਆ ਬਦਲੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਕੰਧਾਂ ’ਤੇ ਲਿਖੇ ਨਾਅਰਿਆਂ ਦੀਆਂ ਫੋਟੋਆਂ/ਵੀਡੀਓ ਵੀ ਪੰਨੂੰ ਨਾਲ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਪੁਲੀਸ ਟੀਮਾਂ ਨੇ ਉਸ ਕੋਲੋਂ ਤਿੰਨ ਮੋਬਾਈਲ ਫ਼ੋਨ, ਦੋ ਡੌਂਗਲ, ਆਧਾਰ ਕਾਰਡ ਅਤੇ ਏਟੀਐਮ ਕਾਰਡ ਵੀ ਬਰਾਮਦ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਬਠਿੰਡਾ ਪੁਲੀਸ ਨੇ ਸਾਂਝੇ ਤੌਰ ’ਤੇ ਪੇਸ਼ੇਵਰ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ।ਐਸਐਸਪੀ ਬਠਿੰਡਾ ਦੀਪਕ ਪਾਰੀਕ ਨੇ ਦੱਸਿਆ ਕਿ ਤਕਨੀਕੀ ਢੰਗ ਨਾਲ ਕਾਰਵਾਈ ਕਰਦਿਆਂ ਬਠਿੰਡਾ ਪੁਲੀਸ ਨੇ ਮੁਲਜ਼ਮ ਜੌਨੀ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਉਪਰੰਤ ਜੌਨੀ ਨੇ ਖੁਲਾਸਾ ਕੀਤਾ ਕਿ ਬਠਿੰਡਾ ਵਿੱਚ ਵੱਖ-ਵੱਖ ਥਾਵਾਂ ’ਤੇ ਨਾਅਰੇ ਲਿਖਣ ਦੀ ਕੋਸ਼ਿਸ਼ ਸਮੇਂ ਉਹ ਗੋਗੀ ਦੇ ਨਾਲ ਸੀ।ਉਨ੍ਹਾਂ ਦੱਸਿਆ ਕਿ ਮੁਲਜ਼ਮ ਜੌਨੀ ਦੇ ਖੁਲਾਸੇ ਤੋਂ ਬਾਅਦ ਬਠਿੰਡਾ ਪੁਲੀਸ ਅਤੇ ਸੀਆਈ ਬਠਿੰਡਾ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਗੋਗੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਆਬਕਾਰੀ ਐਕਟ ਤਹਿਤ ਬਠਿੰਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਗੋਗੀ ਦੀ ਬਠਿੰਡਾ ਜੇਲ੍ਹ ਵਿੱਚ ਪ੍ਰਿਤਪਾਲ ਸਿੰਘ ਨਾਲ ਮੁਲਾਕਾਤ ਹੋਈ ਸੀ ਅਤੇ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਉਹ ਉਸਦੇ ਸੰਪਰਕ ਵਿੱਚ ਰਿਹਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪ੍ਰਿਤਪਾਲ ਨੇ ਗੋਗੀ ਦੀ ਜਾਣ-ਪਛਾਣ ਗੁਰਪਤਵੰਤ ਸਿੰਘ ਪੰਨੂ ਨਾਲ ਕਰਵਾਈ, ਜਿਸ ਨੇ ਗੋਗੀ ਨੂੰ ਖਾਲਿਸਤਾਨ ਪੱਖੀ ਨਾਅਰੇ ਲਿਖਣ ਦਾ ਕੰਮ ਸੌਂਪਿਆ ਅਤੇ ਉਸਨੂੰ ਮੁਕਤਸਰ ਕੋਟਕਪੂਰਾ ਰੋਡ ‘ਤੇ ਲੁਕਾਏ 50000 ਰੁਪਏ ਲੈਣ ਲਈ ਕਿਹਾ।ਇਸ ਸਬੰਧੀ ਐਫਆਈਆਰ ਨੰ. 55 ਮਿਤੀ 27/4/24 ਨੂੰ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 153ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button