2 ਫ਼ਿਲਮਾਂ ਤੇ 1 ਗੀਤ ਸੰਗ੍ਰਹਿ ਜਲਦ ਪੰਜਾਬੀਆਂ ਦੇ ਸਨਮੁੱਖ ਕਰਾਂਗਾ : ਰਾਜ ਕਾਕੜਾ
- ਕਿਹਾ : ਇਤਿਹਾਸਕ ਫ਼ਿਲਮਾਂ ਨੂੰ ਬੈਨ ਕਰਨਾ ਪੰਜਾਬੀਆਂ ਲਈ ਵੱਡੀ ਨਾ-ਇਨਸਾਫ਼ੀ
ਕੈਪਸ਼ਨ : ਗੱਲਬਾਤ ਕਰਦੇ ਹੋਏ ਫ਼ਿਲਮੀ ਗੀਤਕਾਰ, ਗਾਇਕ, ਅਦਾਕਾਰ ਤੇ ਨਿਰਮਾਤਾ ਰਾਜ ਕਾਕੜਾ ਤੇ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਤੇ ਅਦਾਕਾਰ ਯਾਦ ਧਾਲੀਵਾਲ ਤੇ ਹੋਰ।
———————
ਬਰਨਾਲਾ:- 2 ਪੰਜਾਬੀ ਫ਼ਿਲਮਾਂ ਇਤਿਹਾਸਕ ਦਸਤਾਵੇਜ਼ ਕਮਰਸ਼ੀਅਲ ਸਿਨੇਮਾਂ ਤੇ ਇਕ ਗੀਤ ਸੰਗ੍ਰਹਿ ਜਲਦੀ ਹੀ ਪੰਜਾਬੀਆਂ ਦੇ ਸਨਮੁੱਖ ਹੋਵੇਗਾ। ਇਹ ਸ਼ਬਦ ਫ਼ਿਲਮੀ ਗੀਤਕਾਰ, ਗਾਇਕ ਤੇ ਅਦਾਕਾਰ ਤੋਂ ਨਿਰਮਾਤਾ ਬਣੇ ਰਾਜ ਕਾਕੜਾ ਤੇ ਅਦਾਕਾਰ ਯਾਦ ਧਾਲੀਵਾਲ ਨੇ ਬਰਨਾਲਾ ’ਚ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦੇ ਨਾਵਲ ਮਨਹੁ ਕੁਸੁਧਾ ਕਾਲੀਆ ਦਾ ਸਵਾਗਤ ਕਰਦਿਆਂ ਇਕ ਮਿਲਣੀ ਦੌਰਾਨ ਸਾਂਝੇ ਕੀਤੇ। ਉਨ੍ਹਾਂ ਆਪਣੀਆਂ ਰਿਲੀਜ਼ ਹੋਈਆਂ ਫ਼ਿਲਮਾਂ ‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਧਰਮ ਯੁੱਧ ਮੋਰਚਾ’, ‘ਛੱਲਾ ਮੁੜ੍ਹਕੇ ਨਹੀਂ ਆਇਆ’ ਤੇ ‘ਪਦਮਸ਼੍ਰੀ ਕੌਰ ਸਿੰਘ’ ਆਦਿ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾ ਹੀ ਸਿਨੇਮਾ ਪ੍ਰਤੀ ਸੋਚ ਲੋਕਾਂ ਨੂੰ ਜਾਗ੍ਰਿਤ ਕਰਕੇ ਇਤਿਹਾਸਕ ਤੱਥਾਂ ਤੋਂ ਜਾਣੂ ਕਰਵਾਉਣ ਦੀ ਰਹੀ ਹੈ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਾਂਵੇ 650 ਦੇ ਕਰੀਬ ਉਨ੍ਹਾਂ ਦੇ ਗੀਤ ਪੰਜਾਬ ਦੇ ਵੱਖ-ਵੱਖ ਚੋਟੀ ਦੇ ਗਾਇਕਾਂ ਨੇ ਆਪਣੀ ਅਵਾਜ਼ ’ਚ ਗਾਏ ਹਨ, ਜਿੰਨ੍ਹਾਂ ’ਚੋਂ ‘ਦਿਲਦਾਰੀਆਂ’, ‘ਚਿੱਠੀ ਲੰਡਨੋਂ ਲਿਖਦਾ ਤਾਰਾ’, ‘ਤੂੰ ਜੁਦਾ ਹੋ’, ‘ਨਾਜ਼ਰਾ ਲਾ ਸੀਪ ਦੀ ਬਾਜ਼ੀ’, ‘ਸ਼ੀਸ਼ਾ ਬੋਲਦਾ ਹੁੰਦਾ’ ਆਦਿ ਸੈਂਕੜੇ ਹੀ ਗੀਤ ਪੰਜਾਬੀ ਸੰਗੀਤ ਜਗਤ ’ਚ ਚਰਚਿਤ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਯੂ.ਕੇ. ਤੇ ਦੋ ਇੰਡੀਆਂ ’ਚ ਜਲਦੀ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ ਉਨ੍ਹਾਂ ਦੀਆਂ ਫ਼ਿਲਮਾਂ, ਜਿੰਨ੍ਹਾਂ ਨੂੰ ਮੁਕੰਮਲ ਛੋਹਾਂ ਦੇਣ ਲਈ ਉਹ ਬਤੌਰ ਅਦਾਕਾਰ ਤੇ ਨਿਰਮਾਤਾ ਤੱਤਪਰ ਹਨ। ਕੁਝ ਗੱਲਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਰਾਜ ਕਾਕੜਾ ਨੇ ਕਿਹਾ ਕਿ ਪੰਜਾਬੀ ਸਿਨੇਮਾ ਫ਼ਿਲਹਾਲ ਉਹ ਮੁਕਾਮ ਹਾਸਲ ਨਹੀਂ ਕਰ ਸਕਿਆ, ਜਿਸ ਲਈ ਉਹ ਫ਼ਿਲਹਾਲ ਵੀ ਸੰਘਰਸ਼ਮਈ ਦਿਨ ’ਚੋਂ ਗੁਜ਼ਰ ਰਿਹਾ ਹੈ।
ਪੰਜਾਬ ਦੀ ਲੋਕਾਈ ਤੋਂ ਕਈ ਇਤਿਹਾਸਕ ਫ਼ਿਲਮਾਂ ਨੂੰ ਬੈਨ ਕਰਨਾ ਪੰਜਾਬ ਦੇ ਘੁੱਗ ਵੱਸਦੇ ਪੰਜਾਬੀਆਂ ਲਈ ਇਕ ਵੱਡੀ ਨਾ-ਇਨਸਾਫ਼ੀ ਹੈ। ਜਦਕਿ ਪੰਜਾਬੀਆਂ ਨੂੰ ਆਪਣੇ ਸਾਲਾਂਬੱਧੀ ਇਤਿਹਾਸਕ ਤੱਥ ਫ਼ਿਲਮ ਰੂਪ ਰਾਹੀਂ ਸਿਨੇਮਿਆਂ ’ਚ ਦਿਖਾਉਣ ਦੀ ਇਜ਼ਾਜਤ ਹੋਣੀ ਚਾਹੀਦੀ ਹੈ ਤਾਂ ਕਿ ਸਾਡੀਆਂ ਨਵੀਆਂ ਪੀੜ੍ਹੀਆਂ ਇਸ ਮਨੋਰੰਜਨ ਦੇ ਸਾਧਨ ਰਾਹੀਂ ਆਪਣੇ ਇਤਿਹਾਸ ਤੋਂ ਜਾਣੂ ਹੋ ਕੇ ਆਪਣੇ ਪੁਰਖ਼ਿਆਂ ਦੀ ਵਿਰਾਸਤ ਨੂੰ ਸੰਭਾਲਣ ਦਾ ਯਤਨ ਕਰਨ। ਇਸ ਮੌਕੇ ਉਨ੍ਹਾਂ ਨਾਲ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ, ਅਦਾਕਾਰ ਯਾਦ ਧਾਲੀਵਾਲ, ਵੀਡਿਓ ਨਿਰਦੇਸ਼ਕ ਸੈਂਡੀ, ਅਮਰੀਕ ਅਫ਼ਰੀਕਾ ਤੇ ਜੀ.ਮਾੱਲ ਸਿਨੇਮਾ ਦੇ ਜਨਰਲ ਮੈਨੇਜਰ ਨਵੀਨ ਭਾਰਦਵਾਜ ਆਦਿ ਹਾਜ਼ਰ ਸਨ।