ਜੰਮੂ-ਕਸ਼ਮੀਰ ਤੇ ਹਿਮਾਚਲ ‘ਚ ਭਾਰੀ ਬਰਫ਼ਬਾਰੀ,ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ
Bol Punjab Del:- ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉੱਚੇ ਖੇਤਰਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ‘ਚ ਵੀ ਬਰਫ਼ਬਾਰੀ ਜਾਰੀ ਹੈ।ਪੰਜਾਬ ਤੇ ਹਰਿਆਣਾ ‘ਚ ਸੰਘਣੀ ਧੁੰਦ ਤੋਂ ਰਾਹਤ ਤਾਂ ਮਿਲੀ ਹੈ ਪਰ ਠੰਢ ਉਸੇ ਤਰ੍ਹਾਂ ਬਰਕਰਾਰ ਹੈ।ਪੰਜਾਬ ‘ਚ ਕਈ ਥਾਈਂ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਹੈ।ਜੰਮੂ-ਕਸ਼ਮੀਰ ਦੇ ਉੱਚੇ ਖੇਤਰਾਂ ‘ਚ ਸਵੇਰੇ ਭਾਰੀ ਬਰਫ਼ਬਾਰੀ ਹੋਈ ਤੇ ਦਿਨ ਚੜਨ ਦੇ ਨਾਲ ਵਾਦੀਆਂ ਤੇ ਮੈਦਾਨੀ ਇਲਾਕਿਆਂ ‘ਚ ਵੀ ਬਰਫਬਾਰੀ ਹੋਈ,ਕਸ਼ਮੀਰ ‘ਚ ਵਧੇਰੇ ਥਾਵਾਂ ‘ਤੇ ਦਿਨ ਦਾ ਤਾਪਮਾਨ ਜ਼ੀਰੋ ਤੋਂ 3 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਸੰਭਾਵਨਾ ਹੈ।
ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ‘ਚ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ,ਗੁਲਮਰਗ ਸਕੀਇੰਗ ਰਿਜ਼ਾਰਟ (Gulmarg Skiing Resort) ‘ਚ ਘੱਟੋ ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਮੌਸਮ ਵਿਭਾਗ ਨੇ ਐਤਵਾਰ ਨੂੰ ਮੁੜ ਭਾਰੀ ਮੀਂਹ ਤੇ ਬਰਫਬਾਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।ਜਿਸ ਤਹਿਤ ਚੰਬਾ, ਕੁੱਲੂ, ਕਿੰਨੌਰ, ਸ਼ਿਮਲਾ, ਮੰਡੀ, ਕਾਂਗੜਾ ਅਤੇ ਲਾਹੌਲ ਸਪਿਤੀ ਜ਼ਿਲਿ੍ਹਆਂ ‘ਚ ਇਕ ਦੋ ਥਾਵਾਂ ‘ਤੇ ਗਰਜ ਦੇ ਨਾਲ ਗੜੇਮਾਰੀ ਅਤੇ ਭਾਰੀ ਬਰਫਬਾਰੀ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।