ਚੰਡੀਗੜ੍ਹ, 3 ਫਰਵਰੀ 2024,(ਹਰਪ੍ਰੀਤ ਸਿੰਘ ਜੱਸੋਵਾਲ):- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਸਮਾਜ ਸੇਵੀ ਨੌਜਵਾਨ ਭਾਨਾ ਸਿੱਧੂ ਦੀ ਰਿਹਾਈ ਲਈ ਮਿੱਥੇ ਹੋਏ ਅੰਦੋਲਨ ਵਿਚ ਕਿਸਾਨਾਂ, ਮਜ਼ਦੂਰਾਂ ਸਮੇਤ ਸਿਆਸੀ ਨੇਤਾਵਾਂ ਨੂੰ ਹਿਰਾਸਤ ਵਿਚ ਲੈਣ ਅਤੇ ਘਰਾਂ ਵਿੱਚ ਨਜ਼ਰਬੰਦ ਕਰਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ। ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਮਾਨ ਸਰਕਾਰ ਨੂੰ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਮਾਜ ਸੇਵੀ ਭਾਨਾ ਸਿੱਧੂ (Bhana Sidhu) ਦੇ ਖਿਲਾਫ ਮਾਨ ਸਰਕਾਰ ਨੇ ਸਾਜਿਸ਼ ਤਹਿਤ ਮਾਮਲੇ ਦਰਜ ਕੀਤੇ ਹਨ।
ਜਿਸ ਦੇ ਖਿਲਾਫ ਕਿਸਾਨ,ਮਜਦੂਰ ਅਤੇ ਸਿਆਸੀ ਨੇਤਾਵਾਂ ਤੋਂ ਲੈਕੇ ਹਰ ਵਰਗ ਨੇ ਮੋਰਚਾ ਖੋਲ੍ਹ ਦਿੱਤਾ ਹੈ। ਜਿਸ ਕਾਰਨ ਮਾਨ ਸਰਕਾਰ ਬੌਖਲਾ ਗਈ ਹੈ ਅਤੇ ਤਾਨਾਸ਼ਾਹ ਹਾਕਮ ਦੀ ਤਰ੍ਹਾਂ ਆਮ ਲੋਕਾਂ ਨਾਲ ਸਲੂਕ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਸਰਕਾਰ ਦੇ ਇਸ ਵਤੀਰੇ ਦੇ ਖਿਲਾਫ ਕਿਸਾਨਾਂ, ਸਿਆਸਤਦਾਨਾਂ ਸਮੇਤ ਆਮ ਲੋਕਾਂ ਨੇ ਅੰਦੋਲਨ ਸ਼ੁਰੂ ਕੀਤਾ ਤਾਂ ਸਰਕਾਰ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲੋਕਤੰਤਰ ਵਿਚ ਸ਼ਾਂਤਮਈ ਅੰਦੋਲਨ ਕਰਨਾ ਹਰੇਕ ਦਾ ਸੰਵਿਧਾਨਕ ਅਧਿਕਾਰ ਹੈ ਪਰ ਮਾਨ ਸਰਕਾਰ ਦੀ ਇਹ ਕਾਰਵਾਈ ਲੋਕਤੰਤਰ ਦੀ ਭਾਵਨਾ ਦੀ ਸਰੇਆਮ ਉਲੰਘਣਾ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਿਰਾਸਤ ਵਿਚ ਲਏ ਲੋਕਾਂ ਨੂੰ ਤੁਰੰਤ ਰਿਹਾਅ ਕਰਕੇ ਉਨ੍ਹਾਂ ਨੂੰ ਸ਼ਾਂਤਮਈ ਅੰਦੋਲਨ ਦੀ ਇਜਾਜਤ ਦੇਣੀ ਚਾਹੀਦੀ ਹੈ।