10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ,ਵੈੱਬਸਾਈਟ ‘ਤੇ ਅਪਲੋਡ ਹੋਏ ਰੋਲ ਨੰਬਰ
Mohali,01 Fab,2024,(Bol Punjab De):- ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵਲੋਂ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ,ਇਸ ਦੌਰਾਨ ਓਪਨ ਸਕੂਲ, ਕਾਰਗੁਜ਼ਾਰੀ ਸੁਧਾਰਨ ਲਈ ਵਾਧੂ ਵਿਸ਼ੇ ਅਤੇ ਰੀ-ਅਪੀਅਰ ਅਤੇ ਕੰਪਾਰਟਮੈਂਟ (Re-Appear and Compartmentalize) ਦੀਆਂ ਪ੍ਰੀਖਿਆਵਾਂ ਵੀ ਕਰਵਾਈਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਨੇ ਦਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਸਾਰੇ ਉਮੀਦਵਾਰਾਂ ਦੇ ਰੋਲ ਨੰਬਰ (ਐਡਮਿਟ ਕਾਰਡ) ਸਕੂਲਾਂ ਦੀ ਲਾਗਇਨ ਆਈ.ਡੀ. ਅਤੇ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਅਪਲੋਡ ਕਰ ਦਿਤੇ ਗਏ ਹਨ।
ਉਨ੍ਹਾਂ ਦਸਿਆ ਕਿ ਸਾਰੇ ਸਕੂਲਾਂ ਦੇ ਮੁਖੀ ਅਪਣੇ ਸਕੂਲ ਨਾਲ ਸਬੰਧਤ ਰੈਗੂਲਰ ਅਤੇ ਓਪਨ ਸਕੂਲ ਦੇ ਉਮੀਦਵਾਰਾਂ ਦੇ ਰੋਲ ਨੰਬਰ ਤੁਰੰਤ ਸਕੂਲ ਦੀ ਲਾਗਇਨ ਆਈ. ਡੀ. ਤੋਂ ਡਾਊਨਲੋਡ ਕਰਕੇ ਉਮੀਦਵਾਰਾਂ ਨੂੰ ਮੁਹੱਈਆ ਕਰਵਾਉਣਗੇ। ਵਾਧੂ ਵਿਸ਼ਿਆਂ ਵਿਚ ਕਾਰਗੁਜ਼ਾਰੀ ਵਧਾਉਣ ਲਈ ਉਮੀਦਵਾਰ ਕੰਪਾਰਟਮੈਂਟ ਰੀ-ਅਪੀਅਰ ਇਮਤਿਹਾਨ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ।
ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕੋਈ ਵੱਖਰੀ ਰੋਲ ਨੰਬਰ ਸਲਿੱਪ (ਐਡਮਿਟ ਕਾਰਡ) ਡਾਕ ਰਾਹੀਂ ਨਹੀਂ ਭੇਜੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਰੋਲ ਨੰਬਰ ਸਲਿੱਪ (ਐਡਮਿਟ ਕਾਰਡ) ਵਿਚ ਕੋਈ ਤਰੁੱਟੀ ਪਾਈ ਜਾਂਦੀ ਹੈ, ਤਾਂ ਉਸ ਤਰੁੱਟੀ ਨੂੰ ਦਰੁਸਤ ਕਰਵਾਉਣ ਲਈ ਸਬੰਧਤ ਉਮੀਦਵਾਰ 12 ਫਰਵਰੀ ਤਕ ਮੁਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।