ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਤਾਜ਼ਾ ਬਰਫ਼ਬਾਰੀ ਹੋਈ
Himachal Pradesh,31 Jan,(Bol Punjab De):- ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਤਾਜ਼ਾ ਬਰਫ਼ਬਾਰੀ ਹੋਈ ਹੈ। ਰੋਹਤਾਂਗ ਵਿਚ ਸੱਭ ਤੋਂ ਵੱਧ ਇਕ ਫੁੱਟ ਤਕ ਤਾਜ਼ਾ ਬਰਫ਼ ਪਈ ਹੈ। ਲਾਹੌਲ ਸਪਿਤੀ, ਸ਼ਿਮਲਾ, ਚੰਬਾ, ਕੁੱਲੂ, ਕਿਨੌਰ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਦੀਆਂ ਉੱਚੀਆਂ ਚੋਟੀਆਂ ‘ਤੇ 2 ਤੋਂ 10 ਇੰਚ ਬਰਫ਼ ਦੀ ਚਿੱਟੀ ਚਾਦਰ ਬਿਛੀ ਹੋਈ ਹੈ। ਕੁੱਲੂ ਜ਼ਿਲ੍ਹੇ ‘ਚ ਅਟਲ ਸੁਰੰਗ ਦੇ ਉੱਤਰੀ ਪੋਰਟਲ ਅਤੇ ਲਾਹੌਲ-ਸਪੀਤੀ (Lahaul-Spiti) ‘ਚ ਸੁਰੰਗ ਦੇ ਉੱਤਰੀ ਪੋਰਟਲ ‘ਤੇ ਕਾਫੀ ਬਰਫਬਾਰੀ ਹੋਈ ਹੈ। ਇਸ ਕਾਰਨ ਇਥੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿਤੀ ਗਈ ਹੈ। ਲਾਹੌਲ-ਸਪੀਤੀ ਜ਼ਿਲੇ ਦੇ ਕੇਲੌਂਗ ਅਤੇ ਚੰਬਾ ਜ਼ਿਲੇ ਦੇ ਭਰਮੌਰ ਅਤੇ ਸਲੋਨੀ ਖੇਤਰਾਂ ‘ਚ ਤਾਜ਼ਾ ਬਰਫਬਾਰੀ ਤੋਂ ਬਾਅਦ ਜ਼ਿਆਦਾਤਰ ਸੜਕਾਂ ਵਾਹਨਾਂ ਲਈ ਬੰਦ ਕਰ ਦਿਤੀਆਂ ਗਈਆਂ ਹਨ।ਹਿਮਾਚਲ ਪ੍ਰਦੇਸ਼ ਪੁਲਿਸ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਰਫ਼ ਨਾਲ ਢਕੀਆਂ ਸੜਕਾਂ ‘ਤੇ ਗੱਡੀ ਨਾ ਚਲਾਉਣ ਦੀ ਸਲਾਹ ਦਿਤੀ ਹੈ। ਇਸ ਦੇ ਨਾਲ ਹੀ ਲਾਹੌਲ-ਸਪੀਤੀ ਪੁਲਿਸ ਨੇ ਲੋਕਾਂ ਨੂੰ ਸਿਰਫ਼ ਜ਼ਰੂਰੀ ਕੰਮ ਹੋਣ ‘ਤੇ ਹੀ ਯਾਤਰਾ ਕਰਨ ਦੀ ਸਲਾਹ ਦਿਤੀ ਹੈ।