Punjab

ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਤਾਲਮੇਲ ਵਲੋਂ ਦਿੱਤੇ 16 ਫਰਵਰੀ ਨੂੰ ਕੀਤਾ ਜਾਵੇਗਾ ਭਾਰਤ ਬੰਦ – ਕਿਸਾਨ ਮੋਰਚੇ ਨੇ ਕੀਤਾ ਐਲਾਨ

Ludhiana 28 January 2024,28 Jan,(Bol Punjab De):- ਸੰਯੁਕਤ ਕਿਸਾਨ ਮੋਰਚਾ (United Kisan Morcha) ਅਤੇ ਟਰੇਡ ਯੂਨੀਅਨਾਂ (Trade Unions) ਦੇ ਤਾਲਮੇਲ ਵਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਖਾਤਰ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੰਜਾਬ ਚੈਪਟਰ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਰਬਸ਼੍ਰੀ ਬਲਵੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ ਅਤੇ ਜੰਗਵੀਰ ਸਿੰਘ ਚੌਹਾਨ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਧਰਮ ਪਤਨੀ ਬੀਬੀ ਹਰਜੀਤਇੰਦਰ ਕੌਰ ਅਤੇ ਕਿਸਾਨ ਆਗੂ ਭੁਪਿੰਦਰ ਸਿੰਘ ਦੇ ਅਕਾਲ ਚਲਾਣੇ ਉੱਪਰ ਸ਼ੋਕ ਮਤਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਮੀਟਿੰਗ ਨੇ ਸਰਬ ਸੰਮਤੀ ਨਾਲ ਫੈਸਲਾ ਕਰਕੇ 16 ਫਰਵਰੀ ਦੇ ਬੰਦ ਨੂੰ ਸਫਲ ਬਣਾਉਣ ਖਾਤਰ ਵੱਖ-ਵੱਖ ਪ੍ਰੋਗਰਾਮ ਉਲੀਕਦਿਆਂ ਕਿਸਾਨ ਆਗੂਆਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ। ਸਮਾਜ ਦੇ ਸਾਰੇ ਵਰਗਾਂ ਅਤੇ ਜਥੇਬੰਦੀਆਂ ਨਾਲ ਤਾਲਮੇਲ ਕਰਨ ਤੇ ਸਹਿਯੋਗ ਲੈਣ ਲਈ ਕਿਸਾਨ ਤੇ ਟਰੇਡ ਜਥੇਬੰਦੀਆਂ ਨੇ ਮਿਲ ਕੇ 31 ਜਨਵਰੀ ਨੂੰ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਦਿਨੇ 11 ਵਜੇ ਇੱਕ ਵੱਡੀ ਮੀਟਿੰਗ ਸੱਦੀ ਹੈ। ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਆੜਤੀ ਐਸੋਸੀਏਸ਼ਨਾਂ, ਟਰਾਂਸਪੋਰਟ ਨਾਲ ਜੁੜੀਆਂ ਜਥੇਬੰਦੀਆਂ, ਟਰੇਡ ਯੂਨੀਅਨਾਂ,ਵਿਦਿਆਰਥੀ, ਨੌਜਵਾਨ, ਔਰਤ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ ਹੈ। ਤਾਲਮੇਲ ਨੂੰ ਹੋਰ ਵਿਆਪਕ ਬਣਾਉਣ ਲਈ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਅੱਗੇ ਜਿਲਾ ਪੱਧਰ ਤੇ 2 ਫਰਵਰੀ ਅਤੇ ਤਹਿਸੀਲ ਪੱਧਰ ਤੇ 5 ਫਰਵਰੀ ਨੂੰ ਕੀਤੀਆਂ ਜਾਣਗੀਆਂ। ਮੋਰਚੇ ਨੇ 16 ਫਰਵਰੀ ਲਈ ਸਮਰਥਨ ਲੈਣ ਖਾਤਰ ਸੂਬੇ ਭਰ ਵਿੱਚ ਵੱਖ-ਵੱਖ ਵਪਾਰ ਮੰਡਲਾਂ ਤੱਕ ਪਹੁੰਚ ਕਰਨ ਦਾ ਫੈਸਲਾ ਵੀ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button