National

ਫੌਜ ਦੀ ਸਿੱਖ ਰੈਜੀਮੈਂਟ ਨੇ ਕਰਤਵਿਆ ਪਥ ’ਤੇ ਮਾਰਚ ਕੀਤਾ

New Delhi,26 Jan,(Bol Punjab De):-  ਮੇਜਰ ਸਰਬਜੀਤ ਸਿੰਘ ਦੀ ਅਗਵਾਈ ’ਚ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੀ ਇਕ ਟੁਕੜੀ ਨੇ ਸ਼ੁਕਰਵਾਰ ਨੂੰ 75ਵੇਂ ਗਣਤੰਤਰ ਦਿਵਸ ਪਰੇਡ ਦੌਰਾਨ ਕਰਤਾਵਿਆ ਪਥ ’ਤੇ ਮਾਰਚ ਕੀਤਾ। ਸਿੱਖ ਰੈਜੀਮੈਂਟ ਦੀ ਸਥਾਪਨਾ 1846 ’ਚ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹੀਆਂ ਨੇ ਕੀਤੀ ਸੀ।ਇਸ ਨੇ ਉੱਤਰ-ਪਛਮੀ ਸਰਹੱਦੀ ਸੂਬੇ (ਬ੍ਰਿਟਿਸ਼ ਭਾਰਤ ਦਾ ਇਕ ਸੂਬਾ) ਅਤੇ ਪਹਿਲੇ ਵਿਸ਼ਵ ਜੰਗ ਦੌਰਾਨ ਬਹੁਤ ਸਾਰੀਆਂ ਲੜਾਈਆਂ ਅਤੇ ਮੁਹਿੰਮਾਂ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਜਿਵੇਂ ਕਿ ਟੋਫਰੇਕ (1885), ਸਾਰਾਗੜ੍ਹੀ (1897), ਲਾ ਬਾਸੀ (1914) ਅਤੇ ਨਿਊਵ ਚੈਪਲ (1914)। ਆਜ਼ਾਦੀ ਤੋਂ ਬਾਅਦ, ਸਿੱਖ ਰੈਜੀਮੈਂਟ ਨੇ ਸ਼੍ਰੀਨਗਰ (1947), ਤਿਥਵਾਲ (1948), ਬੁਰਕੀ (1965), ਰਾਜਾ (1965), ਪੁੰਛ (1971) ਅਤੇ ਪਰਬਤ ਅਲੀ (1971) ਦੀਆਂ ਲੜਾਈਆਂ ’ਚ ਮਹੱਤਵਪੂਰਣ ਭੂਮਿਕਾ ਨਿਭਾਈ।

ਰੈਜੀਮੈਂਟ ਨੂੰ ਹੁਣ ਤਕ 82 ਜੰਗ ਸਨਮਾਨ, 16 ਥੀਏਟਰ ਪੁਰਸਕਾਰ, 10 ਵਿਕਟੋਰੀਆ ਕਰਾਸ, 21 ਇੰਡੀਅਨ ਆਰਡਰ ਆਫ ਮੈਰਿਟ, ਦੋ ਪਰਮਵੀਰ ਚੱਕਰ, ਤਿੰਨ ਅਸ਼ੋਕ ਚੱਕਰ, ਇਕ ਪਦਮ ਵਿਭੂਸ਼ਣ, ਦੋ ਪਦਮ ਭੂਸ਼ਣ, 11 ਪਰਮ ਵਿਸ਼ਿਸ਼ਟ ਸੇਵਾ ਮੈਡਲ, 14 ਮਹਾਵੀਰ ਚੱਕਰ, 12 ਕੀਰਤੀ ਚੱਕਰ ਅਤੇ ਦੋ ਉੱਤਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਰੈਜੀਮੈਂਟ ਨੂੰ 72 ਸ਼ੌਰਿਆ ਚੱਕਰ, ਇਕ ਪਦਮ ਸ਼੍ਰੀ, 19 ਅਤੀ ਵਿਸ਼ਿਸ਼ਟ ਸੇਵਾ ਮੈਡਲ, ਅੱਠ ਵੀਰ ਚੱਕਰ, 9 ਜੰਗ ਸੇਵਾ ਮੈਡਲ, 293 ਫ਼ੌਜ ਮੈਡਲ, 61 ਵਿਸ਼ਿਸ਼ਟ ਸੇਵਾ ਮੈਡਲ ਅਤੇ 7 ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸਿੱਖ ਰੈਜੀਮੈਂਟ ਤੋਂ ਬਾਅਦ ‘ਆਰਮੀ ਏਅਰ ਡਿਫੈਂਸ (ਏ.ਏ.ਡੀ.) ਕਾਲਜ ਐਂਡ ਸੈਂਟਰ’, ਡੋਗਰਾ ਰੈਜੀਮੈਂਟ ਸੈਂਟਰ ਅਤੇ ਇੰਡੀਅਨ ਆਰਮੀ ਸਰਵਿਸ ਕੋਰ (ਏ.ਐੱਸ.ਸੀ.) ਸੈਂਟਰ (ਉੱਤਰੀ) ਦੇ ਸਾਂਝੇ ਬੈਂਡ ਨੇ ‘ਸਾਰੇ ਜਹਾਂ ਸੇ ਚੰਗਾ ਹਿੰਦੁਸਤਾਨ ਹਮਾਰਾ’ ਦੀ ਧੁਨ ’ਤੇ ਕਰਤਵਿਆ ਮਾਰਗ ’ਤੇ ਮਾਰਚ ਕੀਤਾ।

ਸੰਯੁਕਤ ਬੈਂਡ ’ਚ 72 ਸੰਗੀਤਕਾਰ ਸ਼ਾਮਲ ਸਨ ਅਤੇ ਇਸ ਦੀ ਅਗਵਾਈ ਏ.ਏ.ਡੀ. ਕਾਲਜ ਅਤੇ ਸੈਂਟਰ ਦੇ ਸੂਬੇਦਾਰ ਐਮ. ਰਾਜੇਸ਼ ਨੇ ਕੀਤੀ ਸੀ। ਉਸ ਦੀ ਸਹਾਇਤਾ ਡੋਗਰਾ ਰੈਜੀਮੈਂਟ ਸੈਂਟਰ ਦੇ ਸੂਬੇਦਾਰ ਮੇਜਰ ਮੋਤੀ ਲਾਲ ਅਤੇ ਏ.ਐਸ.ਸੀ. ਸੈਂਟਰ (ਉੱਤਰੀ) ਦੇ ਨਾਇਬ ਸੂਬੇਦਾਰ ਪਰਬਿੰਦਰ ਸਿੰਘ ਨੇ ਕੀਤੀ। ਇਸ ਤੋਂ ਬਾਅਦ ਕੈਪਟਨ ਚਿਨਮਯ ਸ਼ੇਖਰ ਤਪਸਵੀ ਦੀ ਅਗਵਾਈ ਹੇਠ ਕੁਮਾਉਂ ਰੈਜੀਮੈਂਟ ਦੀ ਇਕ ਟੁਕੜੀ ਨੇ ਹਿੱਸਾ ਲਿਆ। ਇਹ ਆਜ਼ਾਦੀ ਤੋਂ ਬਾਅਦ ਜੰਮੂ-ਕਸ਼ਮੀਰ ’ਚ ਆਪਰੇਸ਼ਨ ਕਰਨ ਵਾਲੀ ਪਹਿਲੀ ਰੈਜੀਮੈਂਟ ਸੀ।

ਇਸ ਆਪਰੇਸ਼ਨ ’ਚ ਮੇਜਰ ਸੋਮਨਾਥ ਸ਼ਰਮਾ ਬਡਗਾਮ ’ਚ ਸ਼੍ਰੀਨਗਰ ਏਅਰਫੀਲਡ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ ਮਰਨ ਉਪਰੰਤ ਦੇਸ਼ ਦਾ ਪਹਿਲਾ ਪਰਮਵੀਰ ਚੱਕਰ ਮਿਲਿਆ ਸੀ। ‘ਪਰਾਕ੍ਰਮੋ ਵਿਜੇਤੇ’ ਦੇ ਮੰਤਵ ’ਤੇ ਚੱਲਦੀ ਇਸ ਰੈਜੀਮੈਂਟ ਨੇ ਭਾਰਤੀ ਫੌਜ ਨੂੰ ਤਿੰਨ ਮੁਖੀ ਦਿਤੇ ਹਨ। ਇਸ ਨੂੰ ਦੋ ਪਰਮਵੀਰ ਚੱਕਰ, ਚਾਰ ਅਸ਼ੋਕ ਚੱਕਰ, 13 ਮਹਾਵੀਰ ਚੱਕਰ, ਕੀਰਤੀ ਚੱਕਰ, 82 ਵੀਰ ਚੱਕਰ, ਦੋ ਪਦਮ ਭੂਸ਼ਣ ਅਤੇ ਕਈ ਹੋਰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਅਗਲੀ ਟੁਕੜੀ ਮਰਾਠਾ ਲਾਈਟ ਇਨਫੈਂਟਰੀ ਰੈਜੀਮੈਂਟ ਸੈਂਟਰ, ਜਾਟ ਰੈਜੀਮੈਂਟਲ ਸੈਂਟਰ ਅਤੇ ਆਰਮੀ ਆਰਡਨੈਂਸ ਕੋਰ ਸੈਂਟਰ (ਏ.ਓ.ਸੀ.) ਦੇ 72 ਸੰਗੀਤਕਾਰਾਂ ਦਾ ਇਕ ਸੰਯੁਕਤ ਸਮੂਹ ਸੀ। ਬੈਂਡ ਦੀ ਅਗਵਾਈ ਏ.ਓ.ਸੀ. ਸੈਂਟਰ ਦੇ ਸੂਬੇਦਾਰ ਅਜੇ ਕੁਮਾਰ ਐਨ ਨੇ ਕੀਤੀ, ਜਿਨ੍ਹਾਂ ਦੀ ਸਹਾਇਤਾ ਮਰਾਠਾ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਸੂਬੇਦਾਰ ਮੇਜਰ ਰਾਜੂ ਭਜਨਤਰੀ ਅਤੇ ਜਾਟ ਰੈਜੀਮੈਂਟਲ ਸੈਂਟਰ ਦੇ ਨਾਇਬ ਸੂਬੇਦਾਰ ਕਿਸ਼ਨ ਪਾਲ ਸਿੰਘ ਨੇ ਕੀਤੀ।

Related Articles

Leave a Reply

Your email address will not be published. Required fields are marked *

Back to top button