ਸੇਂਟ ਬਚਨਪੁਰੀ ਸਕੂਲ ਦੀ ਲਾਇਬਰੇਰੀ ਨੂੰ “ਮਨਹੁ ਕੁਸੁਧਾ ਕਾਲੀਆ” ਨਾਵਲ ਕੀਤਾ ਭੇਂਟ
BolPunjabDe Buero
ਬਰਨਾਲਾ:- ਇਲਾਕੇ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵੱਲੋਂ ਪੰਜਾਬੀ ਮਾਂ ਬੋਲੀ ਤੇ ਬੱਚਿਆਂ ਨੂੰ ਸਾਹਿਤ ਦੀ ਰੁਚੀ ਪੈਦਾ ਕਰਨ ਲਈ ਸੰਸਥਾ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਹਨ। ਸਮੇਂ ਸਮੇਂ ’ਤੇ ਸਾਹਿਤਕ ਸੈਮੀਨਾਰ,ਸਰਗਰਮੀਆਂ ਰਾਹੀਂ ਉੱਘੇ ਲੇਖਕਾਂ,ਵਿਦਵਾਨਾਂ ਤੇ ਸਾਹਿਤਪ੍ਰੇਮੀਆਂ ਦੇ ਬੱਚਿਆਂ ਨੂੰ ਰੂੑਬੂੑਰੂ ਕਰਵਾਇਆ ਜਾਂਦਾ ਹੈ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਨੂੰ ਸਕੂਲ ਲਾਇਬਰੇਰੀ ’ਚ ਢੁਕਵੀਂ ਜਗ੍ਹਾ ਦਿੱਤੀ ਜਾਂਦੀ ਹੈ।
ਸ਼ੁੱਕਰਵਾਰ ਨੂੰ ਸਕੂਲ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਸੰਸਥਾ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਪੱਤਰਕਾਰ, ਸਮਾਜਸੇਵੀ ਤੇ ਉੱਘੇ ਸਾਹਿਤਪ੍ਰੇਮੀ ਯਾਦਵਿੰਦਰ ਸਿੰਘ ਭੁੱਲਰ ਨੂੰ ਜੀ ਆਇਆ ਆਖਿਆ। ਸਾਹਿਤ ਦੇ ਖਜ਼ਾਨੇ ਨੂੰ ਸੰਭਾਲਣ ਲਈ ਵਿਸ਼ੇਸ ਯਤਨਾਂ ਦੀ ਪ੍ਰਸੰਸਾ ਕਰਦੇ ਹੋਏ ਸਕੂਲ ਲਾਇਬਰੇਰੀ ਲਈ ਭੇਂਟ ਕੀਤੇ ਸੈੱਟ ਨਾਵਲ “ਮਨਹੁ ਕੁਸੁਧਾ ਕਾਲੀਆ” ਲਈ ਉਹਨਾਂ ਦਾ ਧੰਨਵਾਦ ਕਰਦੇ ਹੋਏ ਲੇਖਕ ਤੇ ਸਾਹਿਤਪ੍ਰੇਮੀ ਯਾਦਵਿੰਦਰ ਸਿੰਘ ਭੁੱਲਰ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਨਮੁੱਖ ਕਰਵਾਉਂਦੇ ਹੋਏ ਦੱਸਿਆਂ ਗਿਆ ਕਿ ਭਾਵੇਂ ਉਹ ਪੇਸ਼ੇ ਵਜ੍ਹੋ ਪੱਤਰਕਾਰ ਹਨ, ਉਹ ਪਿਛਲੇ ਸਮੇਂ ਤੋਂ ਲੋਕਾਂ ਨੂੰ ਉਸਾਰੂ, ਮਿਆਰੀ ਸਾਹਿਤ ਨਾਲ ਜੋੜੀ ਰੱਖਣ ਲਈ ਵਿਸ਼ੇਸ ਉਪਰਾਲੇ ਕਰ ਰਹੇ ਹਨ।
ਉਹ ਇਸ ਤੋਂ ਪਹਿਲਾਂ ਸਫਰਨਾਮੇ, ਗੀਤ ਸੰਗ੍ਰਹਿ, ਬਾਲ ਸੰਗ੍ਰਹਿ, ਵਾਰਤਕ ਪੁਸਤਕ ਸਾਹਿਤ ਪ੍ਰੇਮੀਆਂ ਦੇ ਸਨਖੁੱਖ ਰੱਖ ਚੁੱਕੇ ਹਨ ਅਤੇ ਰੰਗਮੰਚ ਦੇ ਖੇਤਰ ਵਿੱਚ ਆਪਣੀ ਖਾਸ਼ ਛਾਪ ਛੱਡ ਚੁੱਕੇ ਹਨ। ਉਹਨਾਂ ਦੀ 6ਵੀਂ ਪੁਸਤਕ ਵਜ੍ਹੋ ਪਿਛਲੇ ਦਿਨੀਂ ਰਿਲੀਜ਼ ਹੋਏ ਨਾਵਲ “ਮਨਹੁ ਕੁਸੁਧਾ ਕਾਲੀਆ” ਹਰ ਵਰਗ ਦੇ ਪਾਠਕਾਂ ਵੱਲੋਂ ਸਰਾਹਿਆ ਗਿਆ,ਆਪਣੀ ਲੇਖਣੀ ਰਾਹੀਂ ਉਹਨਾਂ ਨੇ ਇਸ ਨਾਵਲ ਦੇ ਜ਼ਰੀਏ ਪੜ੍ਹੇ ਲਿਖੇ ਲੋਕਾਂ ਦਾ ਡੇਰਿਆਂ ਪ੍ਰਤੀ ਝੁਕਾਅ ਤੇ ਅਖੌਤੀ ਸਾਧ ਸੰਤਾਂ ਦੁਆਰਾ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਪਿੱਛੇ ਲਗਾ ਕੇ ਉਹਨਾਂ ਦੀ ਜਾਨੀ ਮਾਲੀ ਲੁੱਟ ਖਸੁੱਟ ਕਰਨ ਦਾ ਨਿਧੜਕ ਹੋ ਕੇ ਜ਼ਿਕਰ ਕੀਤਾ ਹੈ।
ਇਹ ਨਾਵਲ ਲੋਕਾਂ ਨੂੰ ਸੇਧ ਦੇਣ ਵਾਲਾ ਹੈ,ਜੋ ਕਿ ਅਜੋਕੇ ਸਮੇਂ ਦੀ ਮੰਗ ਹੈ ਤਾਂ ਜ਼ੋ ਲੋਕ ਅਖੌਤੀ ਸਾਧ ਸੰਤਾਂ,ਡੇਰਾਵਾਦ ਦੇ ਚੁੰਗਲ ਤੋਂ ਬਚ ਸਕਣ। ਲੇਖਕ ਯਾਦਵਿੰਦਰ ਸਿੰਘ ਭੁੱਲਰ ਨੇ ਸੰਸਥਾ ਦੀ ਲਾਇਬਰੇਰੀ ਨੂੰ ਆਪਣੇ ਨਵਪ੍ਰਕਾਸ਼ਿਤ ਨਾਵਲ “ਮਨਹੁ ਕੁਸੁਧਾ ਕਾਲੀਆ”ਦੇ ਸੈੱਟ ਭੇਂਟ ਕੀਤੇ ਤਾਂ ਜੋ ਅੱਜ ਦੇ ਡੇਰਾਵਾਦ, ਅਖੌਤੀ ਸਾਧ ਸੰਤਾਂ ਦੇ ਬਾਰੇ ਵਿਦਿਆਰਥੀਆਂ ਨੂੰ ਪਤਾ ਲੱਗ ਸਕੇ ਤੇ ਅੱਗੇ ਉਹ ਆਪਣੇ ਪਰਿਵਾਰ,ਸਮਾਜ ਨੂੰ ਇਸ ਬਾਰੇ ਸੁਚੇਤ ਕਰ ਸਕਣ।
ਲੇਖਕ ਯਾਦਵਿੰਦਰ ਸਿੰਘ ਭੁੱਲਰ ਨੇ ਸੰਸਥਾ ਵੱਲੋਂ ਸਾਹਿਤਿਕ ਸਰਗਰਮੀਆਂ ਤੇ ਬੱਚਿਆਂ ਨੂੰ ਮਿਆਰੀ ਸਾਹਿਤਿਕ,ਕਿਤਾਬਾਂ ਪੜ੍ਹਣ ਲਈ ਬਣਾਈ ਗਈ ਵਿਸ਼ਾਲ ਤੇ ਆਧੁਨਿਕ ਲਾਇਬਰੇਰੀ ਦੀ ਸ਼ਲਾਘਾ ਕੀਤੀ। ਉਹ ਲਾਇਬਰੇਰੀ ਵਿਚਲੇ ਕਿਤਾਬਾਂ ਦੇ ਭੰਡਾਰ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੋਏ। ਇਸ ਮੌਕੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ), ਸਾਹਿਤਪ੍ਰੇਮੀ ਯਾਦਵਿੰਦਰ ਸਿੰਘ ਭੁੱਲਰ, ਪ੍ਰਿੰਸੀਪਲ ਅਮਨਦੀਪ ਕੌਰ, ਸੁਰਖ਼ਾਬ ਗੈਵੀ ਬਰਨਾਲਾ ਤੇ ਡੇਵਿਡ ਭੁੱਲਰ, ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।