ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਕੇ ਇਤਿਹਾਸ ‘ਚ ਨਿਵੇਕਲਾ ਪੰਨਾ ਸਿਰਜਿਆ,ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਆਪਣੇ-ਆਪ ਵਿਚ ਲਾਸਾਨੀ ਅਤੇ ਵਿਲਖਣ
BolPunjabDe Buero
ਜਿਸ ਸਮੇਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਦੇ ਹੁਕਮ ਨਾਲ ਜਿੰਦਾ ਨੀਹਾਂਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਆਪਣੇ-ਆਪ ਵਿਚ ਲਾਸਾਨੀ ਅਤੇ ਵਿਲਖਣ ਹੈ। ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਅਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।ਧਰਮਾਂ ਦੇ ਇਤਿਹਾਸ ਵਿਚ ਸਾਕਾ ਸਰਹਿੰਦ ਉਹ ਘਟਨਾ ਹੈ ਜਿਸ ਨੇ ਸਿੱਖ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁਧ ਗੁਸੇ ਤੇ ਰੋਹ ਦੀ ਅਗ ਨੂੰ ਹੋਰ ਤਿਖਾ ਕੀਤਾ ਅਤੇ ਇਸ ਤੋਂ ਸ਼ਕਤੀ ਤੇ ਪ੍ਰੇਰਨਾ ਲੈ ਕੇ ਸਿਖਾਂ ਨੇ ਜ਼ਾਲਮ ਮੁਗ਼ਲ ਹਕੂਮਤ ਨਾਲ ਜ਼ਬਰਦਸਤ ਟਕਰ ਲਈ।
ਜਿਸ ਸਮੇਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਦੇ ਹੁਕਮ ਨਾਲ ਜਿੰਦਾ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਤਾਂ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਬਹੁਤ ਛੋਟੀ ਸੀ ਪਰ ਉਨ੍ਹਾਂ ਦੀ ਦਲੇਰੀ ਅਤੇ ਸਿਖੀ ਪ੍ਰਤੀ ਦਿ੍ਰੜ੍ਹਤਾ ਪ੍ਰੌੜ ਉਮਰ ਤੋਂ ਘਟ ਨਹੀਂ ਸੀ। ਸਾਹਿਬਜ਼ਾਦਿਆਂ ਨੇ ਜਿਸ ਦਲੇਰੀ, ਸਿਦਕਦਿਲੀ ਅਤੇ ਜਿੰਦਾਦਿਲੀ ਨਾਲ ਸੂਬੇ ਦੀ ਕਚਹਿਰੀ ਵਿਚ ਸਵਾਲਾਂ ਦੇ ਜਵਾਬ ਦਿਤੇ, ਉਸ ਵਲੋਂ ਧਰਮ ਛਡਣ ਖ਼ਾਤਰ ਦਿਤੇ ਜਾ ਰਹੇ ਲਾਲਚਾਂ ਨੂੰ ਠੁਕਰਾਇਆ ਤੇ ਸ਼ਹਾਦਤ ਨੂੰ ਕਬੂਲ ਕੀਤਾ, ਉਸ ਦਾ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਕੋਈ ਮੁਕਾਬਲਾ ਨਹੀਂ ਮਿਲਦਾ।
ਇਹ ਚੜ੍ਹਦੀ ਕਲਾ ਦੀ ਜੀਵਤ ਮਿਸਾਲ ਹੈ। ਇਸੇ ਲਈ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਖ ਅਤੇ ਗ਼ੈਰ ਸਿਖ ਇਤਿਹਾਸਕਾਰਾਂ ਨੇ ਅਦੁਤੀ ਕਿਹਾ ਹੈ। ਕਹਿਰ ਦੀ ਠੰਢੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਛਡਣਾ, ਸਰਸਾ ਨੇ ਰਸਤਾ ਰੋਕਣਾ, ਪਰਿਵਾਰ ਦਾ ਖੇਰੂੰ-ਖੇਰੂੰ ਹੋਣਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਘਟਨਾਵਾਂ ਸਿਖ ਇਤਿਹਾਸ ਦੇ ਵਡੇ ਪਹਿਲੂ ਹਨ।
ਸਰਸਾ ਨੂੰ ਪਾਰ ਕਰਨ ਤੋਂ ਬਾਅਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਪ ਦੇ ਮਾਤਾ ਜੀ, ਸਾਹਿਬਜ਼ਾਦੇ ਅਤੇ ਆਪ ਜੀ ਦੇ ਮਹਿਲ ਸਭ ਵਿਛੜ ਗਏ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਗੁਰੂ-ਘਰ ਦੇ ਰਸੋਈਏ ਗੰਗੂ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਆ ਗਏ। ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਅਤੇ ਸਰਕਾਰੀ ਇਨਾਮ ਦੇ ਲਾਲਚ ’ਚ ਗੰਗੂ ਡੋਲ ਗਿਆ। ਗੰਗੂ ਵਲੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੀਤੇ ਵਿਸ਼ਵਾਸਘਾਤ ਬਾਰੇ ਅਲਾ ਯਾਰ ਖਾਂ ਜੋਗੀ ਲਿਖਦੇ ਹਨ:-
ਬਦਜ਼ਾਤ ਬਦ-ਸਿਫਾਤ ਵਹੁ ਗੰਗੂ ਨਮਕ-ਹਰਾਮ। ਟੁਕੜੋਂ ਪੇ ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ। ਦੁਨੀਆ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਿਆ। ਦੁਸ਼ਮਨ ਭੀ ਜੁ ਨ ਕਰਤਾ ਵਹੁ ਯਿ ਕਾਮ ਕਰ ਗਿਆ।
ਗੰਗੂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਖ਼ਬਰ ਮੋਰਿੰਡੇ ਥਾਣੇ ਜਾ ਦਿਤੀ ਜਿਥੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਗਿ੍ਰਫ਼ਤਾਰ ਕਰ ਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਵਾਲੇ ਕੀਤਾ ਗਿਆ। ਸੂਬੇਦਾਰ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ’ਚ ਕੈਦ ਕਰ ਦਿਤਾ। ਕਹਿਰ ਦੀ ਸੀਤ ’ਚ ਭੁਖੇ-ਭਾਣੇ ਸਾਹਿਬਜ਼ਾਦੇ ਸਾਰੀ ਰਾਤ ਦਾਦੀ ਮਾਂ ਦੀ ਗੋਦ ’ਚ ਬੈਠੇ ਗੁਰੂ ਪਿਤਾ ਦੀ ਸੂਰਮਗਤੀ, ਦਾਦਿਆਂ-ਪੜਦਾਦਿਆਂ ਦੀ ਕੁਰਬਾਨੀ ਦੀਆਂ ਬਾਤਾਂ ਸੁਣਦੇ ਸਿਖੀ ਅਸੂਲਾਂ ’ਤੇ ਦਿ੍ਰੜ੍ਹ ਰਹਿਣ ਲਈ ਸਿਖਿਆ ਲੈਂਦੇ ਰਹੇ। ਦਿਨ ਚੜ੍ਹਦਿਆਂ ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਪੇਸ਼ ਕਰਨ ਦਾ ਹੁਕਮ ਹੋਇਆ।
ਸਾਹਿਬਜ਼ਾਦੇ ਬੁਲੰਦ ਹੌਸਲੇ ’ਚ ਸਨ,ਮਾਤਾ ਗੁਜਰੀ ਜੀ ਨੇ ਬਚਿਆਂ ਨੂੰ ਤਿਆਰ ਕੀਤਾ। ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਪਹਿਲਾਂ ਧਨ, ਦੌਲਤ,ਜਗੀਰਾਂ, ਸ਼ਾਹੀ ਡੋਲੀਆਂ ਦੇ ਲਾਲਚ ਦੇ ਕੇ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ ਗਿਆ, ਫਿਰ ਸਰੀਰਕ ਕਸ਼ਟ ਤੇ ਮੌਤ ਦੇ ਡਰਾਵੇ ਦਿਤੇ ਗਏ। ਪਰ ਕੋਮਲ ਜਿੰਦਾਂ ਦੇ ਚਿਹਰਿਆਂ ’ਤੇ ਸਿਖੀ ਪਿਆਰ,ਬੀਰਤਾ ਤੇ ਜੁਰਅਤ ਪ੍ਰਤਖ ਦਿਸ ਰਹੀ ਸੀ।
ਸਾਹਿਬਜ਼ਾਦਿਆਂ ਦੇ ਅਡੋਲ ਚਿਤ ਰਹਿੰਦਿਆਂ ਰੋਅਬ ਭਰੇ ਜਵਾਬਾਂ ਨੇ ਸਭ ਨੂੰ ਕੰਬਣੀ ਛੇੜ ਦਿਤੀ। ਸਾਹਿਬਜ਼ਾਦਿਆਂ ਨੂੰ ਇਸਲਾਮ ਧਾਰਨ ਕਰਵਾਉਣ ਲਈ ਲਾਲਚ, ਡਰਾਵੇ ਤੇ ਧਮਕੀਆਂ ਦਾ ਦੌਰ ਚਲਦਾ ਰਿਹਾ। ਪੇਸ਼ ਨਾ ਜਾਂਦੀ ਵੇਖ ਕੇ ਮੁਲਾਂ ਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਨਿਸ਼ਚਤ ਕਰਨ ਲਈ ਕਿਹਾ ਗਿਆ ਜਿਸ ’ਤੇ ਉਨ੍ਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ। ਇੰਜ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਨੇ ਲਾਸਾਨੀ ਸ਼ਹਾਦਤ ਪ੍ਰਾਪਤ ਕਰ ਕੇ ਦੁਨੀਆ ਦੇ ਇਤਿਹਾਸ ਅੰਦਰ ਨਿਵੇਕਲਾ ਪੰਨਾ ਸਿਰਜਿਆ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿਚ ਗੁਰਪੁਰੀ ਪਿਆਨਾ ਕਰ ਗਏ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਦੀਵਾਨ ਟੋਡਰ ਮਲ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਜ਼ਮੀਨ ਖ਼ਰੀਦੀ, ਜਿਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿਖ ਸੰਘਰਸ਼ ਵਿਚ ਨਵੀਂ ਰੂਹ ਫੂਕ ਦਿਤੀ। ਦਸਮੇਸ਼ ਪਿਤਾ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੀ ਉਥਲਪੁ ਥਲ ਲਿਆਂਦੀ ਕਿ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਹਿਲ ਗਈਆਂ।
ਸਿਖ ਯੋਧਿਆਂ ਨੇ ਸਮੇਂ ਦੇ ਹੈਂਕੜਬਾਜ਼ ਵਜ਼ੀਰ ਖਾਂ ਅਤੇ ਉਸ ਦੇ ਦਰਬਾਰੀਆਂ ਦੀ ਜੋ ਦਸ਼ਾ ਕੀਤੀ ਉਹ ਇਤਿਹਾਸ ਬਣ ਗਿਆ। ਇਸ ਸਾਕੇ ਪਿਛੋਂ ਖ਼ਾਲਸੇ ਨੇ ਸਿਖ ਰਾਜ ਦੀ ਮੰਜ਼ਿਲ ਵੀ ਸਰ ਕੀਤੀ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿਖ ਕੌਮ ਲਈ ਮਾਰਗ ਦਰਸ਼ਕ ਹੈ। ਇਹ ਸ਼ਹਾਦਤਾਂ ਸਾਨੂੰ ਸਿਖ ਧਰਮ ਦੀਆਂ ਉਚੀਆਂ-ਸੁਚੀਆਂ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਨਾ ਦਿੰਦੀਆਂ ਆ ਰਹੀਆਂ ਹਨ।