ਪੰਜਾਬ ਸਣੇ 6 ਰਾਜਾਂ ‘ਚ ਮੀਂਹ ਦਾ ਅਲਰਟ
BolPunjabDe Buero
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਛੇਤੀ ਹੀ ਦੇਸ਼ ਦੇ ਉੱਤਰੀ ਹਿੱਸੇ ‘ਚ ਦਸਤਕ ਦੇਣ ਵਾਲੀ ਹੈ,ਜਿਸ ਕਾਰਨ ਪੰਜਾਬ,ਹਰਿਆਣਾ,ਦਿੱਲੀ, ਉੱਤਰ ਪ੍ਰਦੇਸ਼ ‘ਚ ਮੀਂਹ ਪੈਣਾ ਤੈਅ ਹੈ,ਆਈਐਮਡੀ (IMD) ਵੱਲੋਂ ਪਹਾੜਾਂ ਵਿੱਚ ਬਰਫ਼ਬਾਰੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ,ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਢ ਵਧਣ ਵਾਲੀ ਹੈ।
ਮੌਸਮ ਵਿਭਾਗ (Department of Meteorology) ਅਨੁਸਾਰ ਵੈਸਟਰਨ ਡਿਸਟਰਬੈਂਸ (Western Disturbance) ਦੇ ਸਰਗਰਮ ਹੋਣ ਕਾਰਨ 25 ਨਵੰਬਰ ਦੀ ਰਾਤ ਤੋਂ ਮੌਸਮ ਵਿੱਚ ਤਬਦੀਲੀ ਆਵੇਗੀ,ਜਿਸ ਕਾਰਨ 27 ਨਵੰਬਰ ਨੂੰ ਪੰਜਾਬ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ,ਦੱਸਿਆ ਜਾ ਰਿਹਾ ਹੈ ਕਿ ਦਿਨ ਅਤੇ ਰਾਤ ਦੇ ਤਾਪਮਾਨ ‘ਚ 2 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਇਸ ਤੋਂ ਇਲਾਵਾ ਧੂੰਏਂ ਦਾ ਕਹਿਰ ਵੀ ਵਧੇਗਾ।
ਸ਼ੁੱਕਰਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 379 ਦਰਜ ਕੀਤਾ ਗਿਆ,ਜੋ ਕਿ ਬਹੁਤ ਖਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ,ਇਸੇ ਤਰਜ਼ ’ਤੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਭਾਰੀ ਪ੍ਰਦੂਸ਼ਣ ਦੀ ਸਥਿਤੀ ਬਣੀ ਹੋਈ ਹੈ,ਮਹਾਰਾਸ਼ਟਰ,ਗੁਜਰਾਤ ਅਤੇ ਰਾਜਸਥਾਨ ਵਿੱਚ 25 ਤੋਂ 27 ਨਵੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ,ਇਨ੍ਹਾਂ ਤਰੀਕਾਂ ਨੂੰ ਮੱਧ ਪ੍ਰਦੇਸ਼ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ,ਆਈਐਮਡੀ ਮੁਤਾਬਕ ਤਾਮਿਲਨਾਡੂ ਵਿੱਚ ਅੱਜ ਤੋਂ ਹੀ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ,ਅੰਡੇਮਾਨ ਅਤੇ ਨਿਕੋਬਾਰ,ਲਕਸ਼ਦੀਪ,ਕੇਰਲ ਅਤੇ ਪੁਡੂਚੇਰੀ ਵਿੱਚ ਵੀ ਬਰਸਾਤ ਜਾਰੀ ਹੈ।