ਸੁਨਾਮ ’ਚ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ ਪ੍ਰਸ਼ਾਸਨ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ
ਦਰਸ਼ਨ ਸਿੰਘ ਚੌਹਾਨ, ਸੁਨਾਮ
ਸੁਨਾਮ ਬਲਾਕ ਦੇ ਪਿੰਡ ਨਮੋਲ ਵਿਖੇ ਰੂੜੀਆਂ ਵਾਲ਼ੀ ਜਗ੍ਹਾ ਤੇ ਪਾਰਕ ਬਣਾਉਣ ਦੇ ਪੈਦਾ ਹੋਏ ਰੇੜਕੇ ਦਰਮਿਆਨ ਮਜ਼ਦੂਰਾਂ ਨੇ ਦੇਰ ਸ਼ਾਮ ਕਚਹਿਰੀ ਸਾਹਮਣੇ ਸੁਨਾਮ ਪਟਿਆਲਾ ਮੁੱਖ ਸੜਕ ਤੇ ਧਰਨਾ ਦੇਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਪ੍ਰਸ਼ਾਸਨ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਵੀ ਲਾਏ। ਚੱਕਾ ਜਾਮ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਬੋਲਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਲਖਵੀਰ ਸਿੰਘ ਲੱਖੀ, ਕਰਨੈਲ ਸਿੰਘ ਨੀਲੋਵਾਲ,ਹਰਜਸ ਸਿੰਘ ਖਡਿਆਲ ਅਤੇ ਪ੍ਰਿੰਸੀਪਲ ਗੁਰਮੇਲ ਸਿੰਘ ਨੇ ਕਿਹਾ ਕਿ ਨਮੋਲ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸ਼ਹਿ ਤੇ ਪਿੰਡ ਦੇ ਧਨਾਢ ਵਿਅਕਤੀਆਂ ਵੱਲੋਂ ਪਾਰਕ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਦਲਿਤ ਸਮਾਜ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਿੰਡ ਦੇ ਕੁੱਝ ਇੱਕ ਵਿਅਕਤੀਆਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਮਾੜੀ ਸ਼ਬਦਾਵਲੀ ਨਾਲ ਸੰਬੋਧਨ ਕੀਤਾ ਜਿਸ ਦਾ ਮਜ਼ਦੂਰਾਂ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਨੇ ਧਨਾਢ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਲੇਕਿਨ ਅਗਲੇਰੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਮਜ਼ਦੂਰ ਆਗੂ ਲਖਵੀਰ ਸਿੰਘ ਲੱਖੀ ਨੇ ਕਿਹਾ ਕਿ ਰੂੜੀਆਂ ਵਾਲ਼ੀ ਜਗ੍ਹਾ ਤੇ ਪਾਰਕ ਬਣਾਉਣ ਦੇ ਮਾਮਲੇ ਵਿੱਚ ਮਜ਼ਦੂਰਾਂ ਦੀਆਂ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਹੋਈਆਂ ਅਤੇ ਉਸ ਜਗ੍ਹਾ ਤੇ ਪਾਰਕ ਨਾ ਬਣਾਕੇ ਵਾਟਰ ਵਰਕਸ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਕਤ ਫੈਸਲੇ ਨੂੰ ਲਾਗੂ ਕਰਵਾਉਣ ਲਈ ਦਲਿਤ ਭਾਈਚਾਰੇ ਦੇ ਲੋਕ ਕਚਹਿਰੀ ਵਿੱਚ ਸਬੰਧਿਤ ਅਧਿਕਾਰੀਆਂ ਨੂੰ ਮਿਲਣ ਲਈ ਆਏ ਤਾਂ ਉਨ੍ਹਾਂ ਨੇ ਦੋਹਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਵਿੱਚ ਅਸਮਰਥਾ ਜਤਾਈ ਜਿਸ ਕਾਰਨ ਦਲਿਤ ਮਜ਼ਦੂਰਾਂ ਨੂੰ ਮਜ਼ਬੂਰ ਹੋ ਕੇ ਸੜਕ ਤੇ ਧਰਨਾ ਲਾਉਣਾ ਪਿਆ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸੇ ਦੌਰਾਨ ਨਾਇਬ ਤਹਿਸੀਲਦਾਰ ਅਮਿੱਤ ਕੁਮਾਰ ਵੀ ਮੌਕੇ ਤੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਪੁੱਜੇ।