ਸੁਨਾਮ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪਿਆ ਬੂਰ
ਰੇਲਵੇ ਦੀ ਜਗ੍ਹਾ 'ਤੇ ਦੋ ਸੜਕਾਂ ਨੂੰ ਚੌੜਾ ਕਰਨ ਲਈ ਰੇਲਵੇ ਵਿਭਾਗ ਤੋਂ ਮਿਲੀ ਪ੍ਰਵਾਨਗੀ
ਦਰਸ਼ਨ ਸਿੰਘ ਚੌਹਾਨ, ਸੁਨਾਮ
ਜੰਗ-ਏ-ਆਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਵਸਿੰਦਿਆਂ ਦੀ ਚਿਰੋਕਣੀ ਮੰਗ ਨੂੰ ਕਈ ਦਹਾਕਿਆਂ ਬਾਅਦ ਬੂਰ ਪਿਆ ਹੈ। ਇੰਦਰਾ ਬਸਤੀ ਅਤੇ ਰੇਲਵੇ ਸਟੇਸ਼ਨ ਦੇ ਵਿਚਕਾਰ ਤੰਗ ਰਸਤੇ ਨੂੰ ਚੌੜਾ ਕਰਨ ਲਈ ਰੇਲਵੇ ਵਿਭਾਗ ਤੋਂ ਬਕਾਇਦਾ ਪ੍ਰਵਾਨਗੀ ਮਿਲ ਗਈ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨਾਮ ਸ਼ਹਿਰ ਵਿੱਚ ਰਾਮ ਨਗਰ ਇੰਦਰਾ ਬਸਤੀ ਵਿੱਚ ਬ੍ਰਹਮਾਕੁਮਾਰੀ ਆਸ਼ਰਮ ਤੋਂ ਅੰਡਰ ਬ੍ਰਿਜ ਤੱਕ ਕਰੀਬ 2500 ਫੁੱਟ ਲੰਬੀ ਸੜਕ ਅਤੇ ਰੇਲਵੇ ਸਟੇਸ਼ਨ ਤੋਂ ਲੈ ਕੇ ਮਾਲ ਗੋਦਾਮ ਤੱਕ ਕਰੀਬ 850 ਫੁੱਟ ਲੰਬੀ ਸੜਕ ਨੂੰ 10-10 ਫੁੱਟ ਚੌੜਾ ਕਰਨ ਦੀ ਪ੍ਰਵਾਨਗੀ ਰੇਲਵੇ ਵਿਭਾਗ ਤੋਂ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਸੜਕਾਂ ਨੂੰ ਚੌੜਾ ਕਰਨ ਲਈ ਰੇਲਵੇ ਦੀ ਕੰਧ ਨੂੰ ਪਰ੍ਹੇ ਕਰਨ ਦੀ ਮੰਗ ਉੱਠ ਰਹੀ ਸੀ ਅਤੇ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਵੀ ਇਹ ਮੰਗ ਉੱਠਦੀ ਸੀ ਤਾਂ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ ਕਿ ਇਹ ਰੇਲਵੇ ਦੀ ਜਗ੍ਹਾ ਹੈ ਅਤੇ ਇਸ ਦਾ ਕੋਈ ਵੀ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਵੀ ਸੁਣ ਸੁਣ ਕੇ ਇਹ ਗੱਲ ਮੰਨ ਚੁੱਕੇ ਸਨ ਕਿ ਰੇਲਵੇ ਦੀ ਜਗ੍ਹਾ ਹੋਣ ਕਰਕੇ ਇਸਦਾ ਕੁਝ ਨਹੀਂ ਹੋ ਸਕਦਾ ਪਰ ਮਾਨ ਸਰਕਾਰ ਦੀ ਅਗਵਾਈ ਹੇਠ ਲੋਕ ਭਲਾਈ ਦੀ ਨੇਕ ਨੀਅਤ ਸਦਕਾ ਅਸੀਂ ਪਿਛਲੇ ਇੱਕ ਸਾਲ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਉਨ੍ਹਾਂ ‘ਜਿਥੇ ਚਾਹ ਉਥੇ ਰਾਹ’ ਵਾਲੀ ਕਹਾਵਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਵਾਰ ਅਸਫ਼ਲ ਹੋਣ ਤੋਂ ਬਾਅਦ ਵੀ ਅਸੀ ਪਿੱਛਾ ਨਹੀਂ ਛੱਡਿਆ ਜਿਸ ਸਦਕਾ ਹੁਣ ਰੇਲਵੇ ਵਿਭਾਗ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 76 ਲੱਖ ਰੁਪਏ ਰੇਲਵੇ ਨੂੰ ਟਰਾਂਸਫਰ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਇੱਕ ਸੜਕ ਦੇ 45 ਲੱਖ 49 ਹਜ਼ਾਰ 501 ਰੁਪਏ ਅਤੇ ਦੂਜੀ ਸੜਕ ਦੇ 30 ਲੱਖ 43 ਹਜ਼ਾਰ 271 ਰੁਪਏ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਰੀਬ ਛੇ ਮਹੀਨਿਆਂ ਅੰਦਰ ਮੁਕੰਮਲ ਹੋਵੇਗਾ ਕਿਉਂਕਿ ਰੇਲਵੇ ਦੀਆਂ ਦੀਵਾਰਾਂ ਪਿੱਛੇ ਕਰਨ, ਸੀਵਰੇਜ, ਬਿਜਲੀ ਦੇ ਖੰਭਿਆਂ, ਗਲੀ ਚੌੜੀ ਕਰਨ ਸਮੇਤ ਕਈ ਕੰਮ ਕਰਵਾਏ ਜਾਣਗੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਤੇ ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ ਦਾ ਉਕਤ ਕਾਰਜ਼ ਵਿੱਚ ਵਿਸ਼ੇਸ਼ ਯੋਗਦਾਨ ਦੇਣ ਬਦਲੇ ਉਚੇਚੇ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਸਮਾਜ ਦੀ ਭਲਾਈ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਆਲੇ ਦੁਆਲੇ ਸੰਘਣੀ ਆਬਾਦੀ ਵਸਦੀ ਹੈ ਤੇ ਗਲੀ ਭੀੜੀ ਹੋਣ ਕਰਕੇ ਟਰੈਫਿਕ ਦੀ ਸਮੱਸਿਆ ਵੀ ਕਈ ਵਾਰ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਜਿਸ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਹੀ ਇਸ ਮੰਗ ਨੂੰ ਪੂਰਾ ਕਰਨ ਲਈ ਦ੍ਰਿੜ ਇਰਾਦੇ ਨਾਲ ਜੁਟੇ ਹੋਏ ਹਾਂ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਕੌਂਸਲਰ ਆਸ਼ੂ ਖਡਿਆਲੀਆ, ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਬਲਜੀਤ ਸਿੰਘ ਬਿਸ਼ਨਪੁਰਾ, ਰਵੀ ਗੋਇਲ, ਕੌਂਸਲਰ ਆਸ਼ਾ ਬਜ਼ਾਜ, ਚਮਕੌਰ ਸਿੰਘ ਹਾਂਡਾ ਸਮੇਤ ਹੋਰ ਪਤਵੰਤੇ ਹਾਜਰ ਸਨ।