ਚਾਪਲੂਸਾਂ ਦਾ ਘੇਰਾ ਲੀਡਰਾਂ ਲਈ ਬਣ ਸਕਦੈ ਸਿਰਦਰਦੀ
ਦਰਸ਼ਨ ਸਿੰਘ ਚੌਹਾਨ, ਸੁਨਾਮ
ਰਾਜਨੀਤੀ ਵਿੱਚ ਹਮੇਸ਼ਾ ਹੀ ਚਮਚਾਗਿਰੀ ਭਾਰੂ ਰਹੀ ਹੈ ਜਿਹੜੀ ਸਮੇਂ ਸਮੇਂ ਰਾਜਸੀ ਆਗੂਆਂ ਲਈ ਸਿਰਦਰਦੀ ਬਣਦੀ ਰਹੀ ਹੈ, ਮੌਜੂਦਾ ਸਮੇਂ ਅਜਿਹਾ ਵਰਤਾਰਾ ਸੁਨਾਮ ਹਲਕੇ ਅੰਦਰ ਸੂਬੇ ਦੀ ਹਾਕਮ ਧਿਰ ਦੇ ਕੁੱਝ ਇੱਕ ਹੇਠਲੇ ਪੱਧਰ ਦੇ ਵਰਕਰਾਂ ਦੀਆਂ ਕਥਿਤ ਹਰਕਤਾਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਲਕੇ ਅੰਦਰ ਆਮਦ ਤੋਂ ਲੈਕੇ ਵਾਪਸੀ ਤੱਕ ਹੁਣ ਅਜਿਹੇ ਲੋਕ ਘੇਰਾ ਬੰਨਕੇ ਰੱਖ ਰਹੇ ਹਨ ਜਿੰਨਾ ਦਾ ਰਾਜਨੀਤਕ ਖੇਤਰ ਵਿੱਚ ਕੋਈ ਅਧਾਰ ਨਹੀਂ ਰਿਹਾ, ਹਾਂ ਇੰਨਾ ਜ਼ਰੂਰ ਹੈ ਇੰਨਾ ਦੀਆਂ ਕਥਿਤ ਹਰਕਤਾਂ ਕਾਰਨ ਹਲਕਾ ਵਿਧਾਇਕ ਅਮਨ ਅਰੋੜਾ ਨਾਲ ਪਿਛਲੇ ਕਈ ਸਾਲਾਂ ਤੋਂ ਹਿੱਕ ਡਾਹਕੇ ਖੜ੍ਹੇ ਆਮ ਆਦਮੀ ਪਾਰਟੀ ਦੇ ਆਗੂ ਨਰਾਜ਼ ਦਿਖਾਈ ਦੇ ਰਹੇ ਹਨ। ਹਾਕਮ ਧਿਰ ਨਾਲ ਸਬੰਧਤ ਅਜਿਹੇ ਵਰਕਰਨੁਮਾ ਆਗੂ ਅਖਵਾਉਂਦੇ ਲੋਕਾਂ ਦੀਆਂ ਸਰਗਰਮੀਆਂ ਤੋਂ ਸਿਰਫ ਪਾਰਟੀ ਵਰਕਰ ਹੀ ਦੁਖੀ ਨਹੀਂ, ਸਗੋਂ ਆਮ ਲੋਕ ਵੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਹਰ ਸਮੇਂ ਦਿੱਗਜ ਨੇਤਾਵਾਂ ਦੇ ਸਿਰ ‘ਤੇ ਖੜ੍ਹੇ ਰਹਿਣ ਕਾਰਨ ਇਹ ਧਾੜਵੀ ਖੁਦ ਹੀ ਦਿੱਗਜ ਨੇਤਾਵਾਂ ਲਈ ਸਿਰਦਰਦੀ ਬਣ ਰਹੇ ਹਨ। ਉਕਤ ਚਮਚਗੀਰ ਕਿਸਮ ਦੇ ਲੋਕਾਂ ਦੀਆਂ ਗਤੀਵਿਧੀਆਂ ਤੋਂ ਦੁਖੀ ਹੋ ਕੇ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਮੰਤਰੀ ਤੋਂ ਵੀ ਦੂਰੀ ਬਣਾ ਕੇ ਰੱਖਣ ਲਈ ਮਜਬੂਰ ਹੋ ਰਹੇ ਹਨ। ਅਜਿਹੇ ਹੰਕਾਰੀ ਸੁਰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਚਮਚੇ ਆਪਣੇ ਆਪ ਨੂੰ ਲੀਡਰਾਂ ਦੇ ਕਰੀਬੀ ਸਾਬਤ ਕਰਨ ਦਾ ਕੋਈ ਮੌਕਾ ਨਹੀਂ ਗੁਆ ਰਹੇ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਅਜਿਹੇ ਲੋਕਾਂ ਦੀਆਂ ਗਤੀਵਿਧੀਆਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ‘ਚ ਹਾਕਮ ਧਿਰ ਨੂੰ ਇਸ ਦੀ ਕੀਮਤ ਜ਼ਰੂਰ ਚੁਕਾਉਣੀ ਪਵੇਗੀ ?