ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਦੇ ਕੱਟੇ ਚਲਾਨ
ਦਰਸ਼ਨ ਸਿੰਘ ਚੌਹਾਨ, ਸੁਨਾਮ
ਜਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਟ੍ਰੈਫਿਕ ਸੁਖਦੇਵ ਸਿੰਘ ਦੀ ਅਗਵਾਈ ਹੇਠ ਮੰਗਲਵਾਰ ਨੂੰ ਸੁਨਾਮ ਵਿਖੇ ਟ੍ਰੈਫਿਕ ਪੁਲਿਸ ਨੇ ਵਹੀਕਲਾਂ ਦੀ ਜਾਂਚ ਲਈ ਨਾਕੇਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨਾਂ ਦੇ ਚਲਾਨ ਕੱਟੇ। ਨਾਕਾਬੰਦੀ ਦੌਰਾਨ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਤੇ ਵਿਸ਼ੇਸ਼ ਨਜ਼ਰ ਰੱਖਕੇ ਸ਼ਿਕੰਜਾ ਕੱਸਿਆ ਅਤੇ ਚਲਾਨ ਕੱਟੇ। ਸੁਨਾਮ ਵਿਖੇ ਤਾਇਨਾਤ ਟ੍ਰੈਫਿਕ ਇੰਚਾਰਜ਼ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਆਵਾਜਾਈ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਉਨ੍ਹਾਂ ਦੀ ਟੀਮ ਵੱਲੋਂ ਏਆਰਪੀ ਪੁਲਿਸ ਦੇ ਜਵਾਨਾਂ ਨੂੰ ਨਾਲ ਲੈਕੇ ਨਾਕਾਬੰਦੀ ਕਰਦਿਆਂ ਵਹੀਕਲਾਂ ਦੀ ਜਾਂਚ ਕੀਤੀ ਗਈ ਅਤੇ ਬੁਲੇਟ ਮੋਟਰਸਾਇਕਲਾਂ ਨੂੰ ਰੋਕ ਕੇ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ । ਉਨ੍ਹਾਂ ਕਿਹਾ ਕਿ ਮੋਟਰਸਾਇਕਲਾਂ ਤੇ ਤੀਹਰੀ ਸਵਾਰੀ ਕਰਨ ਵਾਲੇ ਚਾਲਕਾਂ ਦੇ ਵੀ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ। ਟ੍ਰੈਫਿਕ ਇੰਚਾਰਜ਼ ਬਲਵਿੰਦਰ ਸਿੰਘ ਨੇ ਕਿਹਾ ਕਿ ਆਵਾਜਾਈ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।ਇਸ ਮੌਕੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਸਮੇਤ ਏਆਰਪੀ ਪੁਲਿਸ ਫੋਰਸ ਦੇ ਕਰਮਚਾਰੀ ਹਾਜ਼ਰ ਸਨ।