National

ਪਿਛਲੇ ਦੋ ਦਿਨਾਂ ਤੋਂ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ’ਚ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਵਲੋਂ ਸੱਦੀ ਹੜਤਾਲ ਖ਼ਤਮ

New Delhi, 14,August,2024,(Bol Punjab De):-  ਪਿਛਲੇ ਦੋ ਦਿਨਾਂ ਤੋਂ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ’ਚ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) (Federation of Resident Doctors Association (FORDA)) ਵਲੋਂ ਸੱਦੀ ਹੜਤਾਲ ਖ਼ਤਮ ਕਰ ਦਿਤੀ ਗਈ ਹੈ। ਫ਼ੋਰਡਾ ਨੇ ਮੰਗਲਵਾਰ ਦੇਰ ਸ਼ਾਮ ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਮੁਲਾਕਾਤ ਤੋਂ ਬਾਅਦ ਡਾਕਟਰਾਂ ਵਲੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਾਪਸ ਲੈ ਲਿਆ ਹੈ।

 

ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਮੁਲਾਕਾਤ ਤੋਂ ਬਾਅਦ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਵਿਰਲ ਮਾਥੁਰ ਨੇ ਕਿਹਾ, ‘‘ਅਸੀਂ ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਅਪਣੀਆਂ ਮੁੜ ਤਿਆਰ ਕੀਤੀਆਂ ਮੰਗਾਂ ਪੇਸ਼ ਕੀਤੀਆਂ। ਉਨ੍ਹਾਂ ਸਾਨੂੰ ਭਰੋਸਾ ਦਿਤਾ ਕਿ ਉਹ ਡਾਕਟਰਾਂ ਲਈ ਕੰਮ ਕਰਨ ਦਾ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਗੇ। ਉਨ੍ਹਾਂ ਨੇ ਸਾਨੂੰ ਭਰੋਸਾ ਦਿਤਾ ਹੈ ਕਿ ਸਾਡੀਆਂ ਮੰਗਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕੀਤਾ ਜਾਵੇਗਾ। ਇਕ ਕਮੇਟੀ ਬਣਾਈ ਜਾਵੇਗੀ ਅਤੇ ਅਸੀਂ ਇਸ ਦਾ ਹਿੱਸਾ ਬਣਾਂਗੇ। ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਇਸ ਲਈ ਫੋਰਡਾ ਹੜਤਾਲ ਖਤਮ ਕਰ ਰਹੀ ਹੈ।’’

ਏਮਜ਼-ਦਿੱਲੀ ਸਮੇਤ ਚੰਡੀਗੜ੍ਹ, ਜੈਪੁਰ, ਰਾਂਚੀ, ਲਖਨਊ ਅਤੇ ਕੋਲਕਾਤਾ ਸਮੇਤ ਦੇਸ਼ ਦੇ ਕਈ ਪ੍ਰਮੁੱਖ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰ ਕੋਲਕਾਤਾ ਦੇ ਇਕ ਸਰਕਾਰੀ ਹਸਪਤਾਲ ’ਚ ਸਿਖਾਂਦਰੂ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਤੋਂ ਬਾਅਦ ਉਸ ਦੇ ਕਤਲ ਵਿਰੁਧ ਸੋਮਵਾਰ ਤੋਂ ਹੀ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਸਨ।

 

ਏਮਜ਼ ਹਸਪਤਾਲ (AIIMS Hospital) ਦੇ ਇਕ ਮੁਲਾਜ਼ਮ ਨੇ ਕਿਹਾ ਕਿ ਡਾਕਟਰਾਂ ਦੇ ਹੜਤਾਲ ’ਤੇ ਰਹਿਣ ਦੌਰਾਨ ਸਿਰਫ਼ ਪਹਿਲਾਂ ਦੇ ਅਪਾਇੰਟਮੈਂਟ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਬਾਲ ਰੋਗ ਵਿਭਾਗ ਦੀ ਯੂਨਿਟ-2 ’ਚ ਰੈਜ਼ੀਡੈਂਟ ਡਾਕਟਰਾਂ ਵਰਗੇ ਕੁੱਝ ਡਾਕਟਰ ਅਜੇ ਵੀ ਮਰੀਜ਼ਾਂ ਦਾ ਇਲਾਜ ਕਰਦੇ ਵੇਖੇ ਗਏ।

 

ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ’ਚ ਵੀ ਡਾਕਟਰੀ ਸੇਵਾਵਾਂ ਲਗਾਤਾਰ ਦੂਜੇ ਦਿਨ ਅੰਸ਼ਕ ਰੂਪ ’ਚ ਬੰਦ ਰਹੀਆਂ। ਹਾਲਾਂਕਿ ਹਸਪਤਾਲ ਨੇ ਐਮਰਜੈਂਸੀ ਸੇਵਾਵਾਂ ਚਾਲੂ ਰਖੀਆਂ। ਡਾਕਟਰ ਮੰਗ ਕਰ ਰਹੇ ਹਨ ਕਿ ਹਸਪਤਾਲਾਂ ’ਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ।

 

ਲਖਨਊ ’ਚ ਉੱਤਰ ਪ੍ਰਦੇਸ਼ ‘ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ’ ਨੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੂੰ ਚਿੱਠੀ ਲਿਖ ਕੇ ਹਸਪਤਾਲਾਂ ’ਚ ਸੁਰਖਿਆ ਉਪਾਵਾਂ ਦੀ ਮੰਗ ਕੀਤੀ ਹੈ। ਸੂਬੇ ਦੇ ਗ੍ਰੇਟ ਨੋਇਡਾ ਤੋਂ ਲੈ ਕੇ ਵਾਰਾਣਸੀ ਅਤੇ ਕਾਨਪੁਰ, ਝਾਂਸੀ, ਆਗਰਾ, ਗੋਰਖਪੁਰ ਵਰਗੇ ਸ਼ਹਿਰਾਂ ਤੋਂ ਇਲਾਵਾ ਰਾਜਧਾਨੀ ਲਖਨਊ ’ਚ ਵੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ’ਚ ਲਗਾਤਾਰ ਦੂਜੇ ਦਿਨ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਾਲਾਂਕਿ ਐਮਰਜੈਂਸੀ ਸੇਵਾਵਾਂ ਚਾਲੂ ਰਹੀਆਂ।

Related Articles

Leave a Reply

Your email address will not be published. Required fields are marked *

Back to top button