ਆਤਮਵਿਸ਼ਵਾਸ ਨਾਲ ਭਰੀ ਮਨੂ ਭਾਕਰ ਪੈਰਿਸ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੀਤਾ ਕੁਆਲੀਫਾਈ
Chandigarh,27 July,2024,(Bol Punjab De):- ਆਤਮਵਿਸ਼ਵਾਸ ਨਾਲ ਭਰੀ ਮਨੂ ਭਾਕਰ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਓਲੰਪਿਕ ਖੇਡਾਂ (Olympic Games) ਦੇ 10 ਮੀਟਰ ਮਹਿਲਾ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ,ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ,22 ਸਾਲ ਦੀ ਭਾਕਰ ਕੁਆਲੀਫਿਕੇਸ਼ਨ ’ਚ 580 ਦਾ ਸਕੋਰ ਬਣਾ ਕੇ ਤੀਜੇ ਸਥਾਨ ’ਤੇ ਰਹੀ,ਜਿਸ ’ਚ ਹੰਗਰੀ (Hungary) ਦੀ ਨਿਸ਼ਾਨੇਬਾਜ਼ ਵੇਰੋਨਿਕਾ ਮੇਜਰ 582 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ।
ਇਸ ਮੁਕਾਬਲੇ ’ਚ ਹਿੱਸਾ ਲੈ ਰਹੇ ਰਿਦਮ ਸਾਂਗਵਾਨ 573 ਦੇ ਸਕੋਰ ਨਾਲ 15ਵੇਂ ਸਥਾਨ ’ਤੇ ਰਹੇ,ਭਾਕਰ ਅਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਤਿੰਨ ਸਾਲ ਪਹਿਲਾਂ ਟੋਕੀਓ ਓਲੰਪਿਕ (Tokyo Olympics) ਦੀ ਨਿਰਾਸ਼ਾ ਨੂੰ ਪਿੱਛੇ ਛੱਡਣ ’ਚ ਕਾਮਯਾਬ ਰਹੀ,ਪਿਸਤੌਲ ਦੀ ਖਰਾਬੀ ਕਾਰਨ ਟੋਕੀਓ ਵਿਚ ਉਨ੍ਹਾਂ ਦੀ ਮੁਹਿੰਮ ਅੱਗੇ ਨਹੀਂ ਵਧ ਸਕੀ ਸੀ, ਜਿਸ ਕਾਰਨ ਉਹ ਭਾਵੁਕ ਹੋ ਗਈ ਸੀ।
ਹਰਿਆਣਾ ਦੀ ਇਹ ਨਿਸ਼ਾਨੇਬਾਜ਼ ਪਹਿਲੀਆਂ ਦੋ ਸੀਰੀਜ਼ ’ਚ 97-97 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਰਹੀ ਸੀ,ਇਸ ਦੌਰਾਨ ਰਿਦਮ 26ਵੇਂ ਸਥਾਨ ’ਤੇ ਖਿਸਕ ਗਿਆ,ਭਾਕਰ ਤੀਜੀ ਸੀਰੀਜ਼ ’ਚ 98 ਦੇ ਸਕੋਰ ਨਾਲ ਸਿਖਰਲੇ ਦੋ ’ਚ ਪਹੁੰਚ ਗਈ,ਉਸ ਨੇ ਪੰਜਵੀਂ ਸੀਰੀਜ਼ ’ਚ ਅੱਠ ਅੰਕਾਂ ਦਾ ਟੀਚਾ ਹਾਸਲ ਕੀਤਾ ਪਰ ਉਸ ਤੋਂ ਬਾਅਦ ਸਹੀ ਟੀਚੇ ਤੋਂ ਵਾਪਸੀ ਕਰਨ ’ਚ ਸਫਲ ਰਹੀ ਅਤੇ ਤੀਜੇ ਸਥਾਨ ’ਤੇ ਰਹੀ।