New Delhi/Chandigarh, 16 July 2024,(Bol Punjab De):- ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ (Electricity Minister Harbhajan Singh ETO) ਬੀਤੀ ਸ਼ਾਮ ਸੂਬੇ ਵਿੱਚ ਸੜ੍ਹਕੀ ਨੈਟਵਰਕ ਦੇ ਬੁਨਿਆਦੀ ਢਾਂਚੇ ਨੂੰ ਹੋਰ ਸੁਧਾਰਨ ਲਈ ਸੂਬੇ ਵਿੱਚ ਪੈਂਦੇ ਕੌਮੀ ਰਾਜ ਮਾਰਗ ਪ੍ਰੋਜੈਕਟਾਂ ਬਾਰੇ ਨਵੀਂ ਦਿੱਲੀ ਵਿਖੇ ਹੋਈ ਉੱਚ-ਪੱਧਰੀ ਸਮੀਖਿਆ ਮੀਟਿੰਗ ਵਿੱਚ ਸ਼ਾਮਿਲ ਹੋਏ। ਰਾਜਮਾਰਗ ਅਤੇ ਟਰਾਂਸਪੋਰਟ ਬਾਰੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ (Union Minister Shri Nitin Gadkari) ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ ਅਜੈ ਟਮਟਾ, ਸ਼੍ਰੀ ਹਰਸ਼ ਮਲਹੋਤਰਾ, ਕੇਂਦਰ ਅਤੇ ਰਾਜ ਦੇ ਪ੍ਰਬੰਧਕੀ ਸਕੱਤਰ, ਸੜ੍ਹਕੀ ਆਵਾਜਾਈ ਬਾਰੇ ਕੇਂਦਰੀ ਮੰਤਰਾਲੇ, ਐਨ.ਐਚ.ਏ.ਆਈ, ਪੰਜਾਬ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ, ਕੰਸੈਸ਼ਨੇਅਰ/ਠੇਕੇਦਾਰ ਅਤੇ ਕੰਨਸਲਟੈਂਟ ਆਦਿ ਮੌਜੂਦ ਸਨ।
ਸਮੀਖਿਆ ਦੌਰਾਨ ਇਹ ਦੱਸਿਆ ਗਿਆ ਕਿ ਪੰਜਾਬ ਵਿਖੇ ਮੌਜੂਦਾ ਸਮੇਂ 1438 ਕਿ.ਮੀ ਕੌਮੀ ਰਾਜਮਾਰਗਾਂ ਦੇ ਕੰਮ ਲਗਭੱਗ 45000 ਕਰੋੜ ਰੁਪਏ ਨਾਲ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾ ਨੂੰ ਨੇਪਰੇ ਚਾੜ੍ਹਨ ਲਈ ਐਕਊਆਇਰ ਕੀਤੀ ਜ਼ਮੀਨ ਦਾ ਕਬਜਾ ਜਲਦ ਤੋਂ ਜਲਦ ਮੁਹੱਇਆ ਕਰਵਾਉਣ, ਮੁਆਵਜਾ ਰਾਸ਼ੀ ਦੀ ਵੰਡ ਪ੍ਰਕ੍ਰਿਆ ਹੋਰ ਤੇਜ਼ ਕਰਨ, ਜੰਗਲਾਤ ਦੀ ਐਕਊਆਇਰ (Acquirer) ਕੀਤੀ ਜ਼ਮੀਨ ਦੇ ਬਦਲ ਵਿੱਚ ਦੇਣ ਲਈ ਗੈਰ-ਜੰਗਲਾਤ ਜ਼ਮੀਨ ਦਾ ਲੈਂਡ ਬੈਂਕ ਤਿਆਰ ਕਰਨ ਅਤੇ ਥਰਮਲ ਪਾਵਰ ਪਲਾਂਟਾਂ ਤੋਂ ਰਾਖ ਦੀ ਉਪਲੱਬਧਤਾ ਆਦਿ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸੇ ਦੌਰਾਨ ਕੁਝ ਪ੍ਰੋਜੈਕਟਾਂ ਲਈ ਲੌੜੀਂਦੀ ਭੌਂ ਪ੍ਰਾਪਤੀ ਨਾ ਹੋਣ ਕਾਰਨ ਹੋ ਰਹੀ ਦੇਰੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇੰਨ੍ਹਾਂ ਦਾ ਜਲਦੀ ਹੱਲ ਕੱਢਣ ਦੀ ਲੋੜ ਤੇ ਜੋਰ ਦਿੱਤਾ ਗਿਆ।
ਕੇਂਦਰੀ ਮੰਤਰੀ ਵਲੋਂ ਪੰਜਾਬ ਸਰਕਾਰ ਨਾਲ ਸਬੰਧਤ ਸਾਂਝੇ ਕੀਤੇ ਗਏ ਮੁੱਦਿਆਂ ਬਾਰੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ (Minister of Public Works Harbhajan Singh ETO) ਨੇ ਸੂਬਾ ਸਰਕਾਰ ਵੱਲੋਂ ਇੰਨ੍ਹਾਂ ਸਾਰੇ ਮਾਮਲਿਆਂ ਨੂੰ ਸਮਾਂ-ਬੱਧ ਤਰੀਕੇ ਨਾਲ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਤਾਂ ਜੋ ਸੂਬੇ ਵਿੱਚ ਲੋਕਾਂ ਦੀ ਸਹੂਲਤ ਲਈ ਆਵਾਜਾਈ ਨੂੰ ਹੋਰ ਸੁਖਾਵਾਂ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਵਿੱਚ ਰਾਜ ਮਾਰਗਾਂ ਨੂੰ ਹੋਰ ਚੰਗੇ ਢੰਗ ਨਾਲ ਜੋੜਨ ਅਤੇ ਸੜ੍ਹਕ ਸੁਰੱਖਿਆ ਨੂੰ ਸੁਧਾਰਨ ਲਈ ਖਾਨ-ਕੋਟ ਵਿਖੇ ਵਹਿਕਲਰ ਅੰਡਰ ਪਾਸ (ਵੀ.ਯੂ.ਪੀ) ਉਸਾਰਣ ਆਦਿ ਪ੍ਰੋਜੈਕਟ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦੇ ਗਏ।