Punjab

ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਸੁਖਬੀਰ ਬਾਦਲ ਨੂੰ ਕੀਤਾ ਤਲਬ

Amritsar, 15 July 2024 (Bol Punjab De):-   ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji), ਸ੍ਰੀ ਅੰਮ੍ਰਿਤਸਰ ਵਿਖੇ ਹੋਈ ਜਿਸ ਵਿਚ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ। ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਪੰਜ ਤਖ਼ਤਾਂ ਦੇ ਜਥੇਦਾਰਾਂ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

1. ਗੁਰਦੁਆਰਾ ਸਾਹਿਬਾਨ ਵਿਚ ਦਿਨੋਂ-ਦਿਨ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਹਰੇਕ ਗੁਰਦੁਆਰਾ ਸਾਹਿਬ ਵਿਚ ਚੌਵੀ ਘੰਟੇ ਲਈ ਪੱਕੇ ਤੌਰ ’ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ। ਇਸ ਵਿਚ ਕੁਤਾਹੀ ਪਾਈ ਜਾਣ ’ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿਚ ਸਬੰਧਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ ਅਤੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

2. ਬਾਬਾ ਦਯਾ ਸਿੰਘ ਜੀ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ, ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ, ਹੈੱਡ ਕੁਆਟਰਟਰ ਸੁਰਸਿੰਘ, ਜ਼ਿਲ੍ਹਾ ਸ੍ਰੀ ਤਰਨ ਤਾਰਨ ਸਾਹਿਬ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਵੱਲੋਂ ‘ਪੰਥ ਸੇਵਕ’ ਦਾ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ।

3. ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ’ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਦੋਸ਼ਾਂ ਦਾ ਸਪੱਸ਼ਟੀਕਰਨ ਪੰਦਰਾਂ ਦਿਨ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਲਿਖਤੀ ਰੂਪ ਵਿਚ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਵੱਲੋਂ ਲਾਏ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ।

4. ਆਲਮੀ ਤਪਸ਼ (Global Warming) ਅਤੇ ਜਲਵਾਯੂ ਵਿਚ ਵਿਸ਼ਵ ਪੱਧਰ ‘ਤੇ ਆ ਰਹੀਆਂ ਖ਼ਤਰਨਾਕ ਤਬਦੀਲੀਆਂ ਦੇ ਮੱਦੇਨਜ਼ਰ ਵਾਤਾਵਰਣ ਅਤੇ ਪਾਣੀ ਦੀ ਸਾਂਭ-ਸੰਭਾਲ, ਪੰਛੀਆਂ ਦੀਆਂ ਖ਼ਤਮ ਹੋ ਰਹੀਆਂ ਨਸਲਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਆਦੇਸ਼ ਕੀਤਾ ਜਾਂਦਾ ਹੈ ਕਿ ਹਰੇਕ ਸਿੱਖ ਆਪਣੇ ਜੀਵਨ ਵਿਚ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਾਵੇ, ਪਾਣੀ ਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

 

Related Articles

Leave a Reply

Your email address will not be published. Required fields are marked *

Back to top button