ਡਿਪਟੀ ਕਮਿਸ਼ਨਰ ਵੱਲੋਂ ਹਰ ਹਫਤੇ ਸਬ ਡਵੀਜ਼ਨਾਂ ਵਿੱਚ 2-2 ਲੋਕ ਸੁਵਿਧਾ ਕੈਂਪ ਲਗਾਉਣ ਦੇ ਆਦੇਸ਼
Sangrur, July 1, 2024, (Bol Pujab De):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਵੱਲੋਂ ਸੂਬੇ ਦੇ ਲੋਕਾਂ ਨੂੰ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਹਈਆ ਕਰਵਾਉਣ ਦੀਆਂ ਦਿੱਤੀਆਂ ਹਦਾਇਤਾਂ ਉੱਤੇ ਅਮਲ ਕਰਦਿਆਂ ਜਿਲਾ ਸੰਗਰੂਰ ਵਿੱਚ ਲੋਕ ਸੁਵਿਧਾ ਕੈਂਪਾਂ (People Convenience Camps) ਦੇ ਆਯੋਜਨ ਦਾ ਸਿਲਸਿਲਾ ਪੜਾਅਵਾਰ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦੀਆਂ ਸਮੂਹ ਸਬ ਡਵੀਜ਼ਨ ਦੇ ਉਪ ਮੰਡਲ ਮੈਜਿਸਟਰੇਟ ਨੂੰ ਹਰ ਹਫਤੇ ਸਬ ਡਵੀਜ਼ਨ ਵਿੱਚ 2-2 ਲੋਕ ਸੁਵਿਧਾ ਕੈਂਪ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਦਫਤਰਾਂ ਵਿੱਚ ਆਪਣੇ ਕੰਮਕਾਰ ਕਰਵਾਉਣ ਲਈ ਗੇੜੇ ਨਾ ਲਗਾਉਣੇ ਪੈਣ ਅਤੇ ਉਹਨਾਂ ਨੂੰ ਵਿਭਾਗਾਂ ਨਾਲ ਸਬੰਧਤ ਜਰੂਰਤਾਂ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਹਾਸਲ ਹੋ ਸਕਣ ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ (Deputy Commissioner Jitinder Jorwal) ਨੇ ਦੱਸਿਆ ਕਿ ਇਹਨਾਂ ਕੈਂਪਾਂ ਦੇ ਵਿੱਚ ਆਮ ਲੋਕਾਂ ਦੀ ਸੁਵਿਧਾ ਲਈ ਮਾਲ ਵਿਭਾਗ, ਕਿਰਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਪੁਲਿਸ ਵਿਭਾਗ ਆਦਿ ਨਾਲ ਸਬੰਧਤ ਕੰਮਾਂਕਾਰਾਂ ਦਾ ਨਿਪਟਾਰਾ ਕਰਨ ਲਈ ਵਿਭਾਗੀ ਟੀਮਾਂ ਤਾਇਨਾਤ ਹੋਣਗੀਆਂ ਜਿੱਥੇ ਕਿ ਕੈਂਪਾਂ ਦੇ ਦੌਰਾਨ ਲੋਕਾਂ ਕੋਲੋਂ ਬਿਨੇ ਪੱਤਰ ਲੈ ਕੇ ਨਿਰਧਾਰਤ ਸਮੇਂ ਅੰਦਰ ਉਹਨਾਂ ਦਾ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾ ਇਹ ਵੀ ਦੱਸਿਆ ਕਿ ਸੰਬੰਧਿਤ ਸਬ ਡਵੀਜ਼ਨਾਂ ਵਿੱਚ ਪਟਵਾਰ ਸਰਕਲਾਂ ਦੇ ਆਧਾਰ ਤੇ ਲਗਾਏ ਜਾਣ ਵਾਲੇ ਲੋਕ ਸੁਵਿਧਾ ਕੈਂਪਾਂ ਬਾਰੇ ਅੱਗੇ ਇਥੇ ਪ੍ਰਚਾਰ ਹਿਤ ਪੰਚਾਇਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਸੰਬੰਧਿਤ ਪਿੰਡਾਂ ਦੇ ਲੋਕ ਇਹਨਾਂ ਕੈਂਪਾਂ ਦਾ ਲਾਭ ਉਠਾ ਸਕਣ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ ਹੇਠ ਐਸ.ਡੀ.ਐਮ ਧੂਰੀ ਅਮਿਤ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਜੁਲਾਈ ਨੂੰ ਧੂਰੀ ਦੇ ਪਿੰਡ ਭਲਵਾਨ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਜਿਹਾ ਹੀ ਲੋਕ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਭਲਵਾਨ, ਭੁੱਲਰਹੇੜੀ ਭੋਜੋਵਾਲੀ ਅਤੇ ਪਲਸੌਰ ਪਟਵਾਰ ਸਰਕਲਾਂ ਦੇ ਕੰਮ ਕੀਤੇ ਜਾਣਗੇ। ਉਹਨਾਂ ਨੇ ਸੰਬੰਧਿਤ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ।