ਪੰਜਾਬ ਦੇ ਸਭ ਤੋਂ ਵੱਡੇ ਜੀਐਸਟੀ ਦਫਤਰ ‘ਚ ਲੱਗੀ ਅੱਗ
ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ
Jalandhar,12 June,2024,(Bol Punjab De):- ਪੰਜਾਬ ਦੇ ਜਲੰਧਰ ‘ਚ ਸਥਿਤ ਸੂਬੇ ਦੇ ਸਭ ਤੋਂ ਵੱਡੇ ਜੀਐਸਟੀ ਦਫ਼ਤਰ (GST Office) ਦੀ ਪੰਜਵੀਂ ਮੰਜ਼ਿਲ ‘ਤੇ ਬੁੱਧਵਾਰ (12ਜੂਨ) ਸਵੇਰੇ 11 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ,ਅੱਗ ਲੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ, ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ,ਜਲੰਧਰ ਦੇ ਜੀਐਸਟੀ ਭਵਨ (GST Bhawan) ਵਿੱਚ ਅੱਗ ਲੱਗਣ ਕਾਰਨ ਪੂਰੇ ਪੰਜਾਬ ਦਾ ਵੱਡੀ ਮਾਤਰਾ ਵਿੱਚ ਰਿਕਾਰਡ ਸੜ ਕੇ ਸੁਆਹ ਹੋ ਗਿਆ ਹੈ,ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ,ਫਿਲਹਾਲ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਜੀਐਸਟੀ ਭਵਨ (GST Bhawan) ਵਿੱਚ ਤਾਇਨਾਤ ਮੁਲਾਜ਼ਮ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਮ ਵਾਂਗ ਕੰਮ ਕਰ ਰਿਹਾ ਸੀ,ਇਸ ਦੌਰਾਨ ਅਚਾਨਕ ਸੜਨ ਦੀ ਤੇਜ਼ ਬਦਬੂ ਆਉਣ ਲੱਗੀ,ਕਰਮਚਾਰੀਆਂ ਨੂੰ ਤੁਰੰਤ ਪਾਸੇ ਕਰ ਦਿੱਤਾ ਗਿਆ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ,ਇਮਾਰਤ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਜਦੋਂ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ,ਜਿਸ ਤੋਂ ਬਾਅਦ ਪੂਰੀ ਮੰਜ਼ਿਲ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ,ਫਾਇਰ ਬ੍ਰਿਗੇਡ (Fire Brigade) ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਨਕੋਦਰ ਚੌਕ ਨੇੜੇ ਲੱਗੀ ਅੱਗ ’ਤੇ ਕਾਬੂ ਪਾਇਆ ਗਿਆ ਤਾਂ ਜੀਐਸਟੀ ਕਮਿਸ਼ਨਰ (GST Commissioner) ਸਮੇਤ ਉੱਚ ਅਧਿਕਾਰੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ,ਜਿਸ ਵਿੱਚ ਪਤਾ ਲੱਗਿਆ ਕਿ ਜੀਐਸਟੀ ਬਿਲਡਿੰਗ (GST Building) ਵਿੱਚ ਅੱਗ ਲੱਗ ਗਈ ਸੀ।