ਗਰਮੀ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿੱਚ ਸੰਗਤਾਂ ਲਈ ਕੀਤੇ ਗਏ ਖਾਸ ਇੰਤਜ਼ਾਮ
Amritsar, 23 May 2024,(Bol Punjab De):– ਅੰਮ੍ਰਿਤਸਰ ਵਿੱਚ ਤਾਪਮਾਨ 47 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਦੀ ਵੱਡੀ ਆਮਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ (Sachkhand Shri Darbar Sahib Ji) ਵਿੱਚ ਦੇਖਣ ਨੂੰ ਮਿਲਦੀ ਹੈ,ਸੰਗਤ ਦੀ ਆਸਥਾ ਅੱਗੇ 47 ਡਿਗਰੀ ਦੀ ਗਰਮੀ ਵੀ ਘੱਟ ਜਾਪਦੀ ਹੈ।
ਲੇਕਿਨ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਆਮਦ ਨੂੰ ਦੇਖਦੇ ਹੋਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿੱਚ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਿ ਸੰਗਤ ਨੂੰ ਉੱਥੇ ਗਰਮੀ ਘੱਟ ਤੋਂ ਘੱਟ ਮਹਿਸੂਸ ਹੋਵੇ, ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 47 ਡਿਗਰੀ ਤੋਂ ਵੱਧ ਦੀ ਪੈ ਰਹੀ ਗਰਮੀ ਦੇ ਵਿੱਚ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਸ ਪ੍ਰਬੰਧ ਕੀਤੇ ਹਨ, ਜਿਸ ਵਿੱਚ ਪਰਿਕਰਮਾ ਦੇ ਵਿੱਚ ਟਾਟ ਵਿਛਾਏ ਗਏ ਹਨ।
ਟਾਟ ਸਮੇਂ-ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਮੁਲਾਜ਼ਮਾਂ ਤੇ ਸੰਗਤ ਵੱਲੋਂ ਗਿੱਲੇ ਕੀਤੇ ਜਾਂਦੇ ਹਨ ਤਾਂ ਜੋ ਕਿ ਸੰਗਤ ਉਸ ਉੱਪਰ ਚੱਲੇ ਤੇ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੇ,ਇਸ ਤੋਂ ਇਲਾਵਾ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਬਾਹਰ ਪਲਾਜ਼ੇ ਦੇ ਵਿੱਚ ਜੋ ਫਵਾਰਾ ਲਗਾਇਆ ਹੈ ਉਹ ਲਗਾਤਾਰ ਚਲਾਇਆ ਜਾ ਰਿਹਾ ਤਾਂ ਜੋ ਕਿ ਉਸ ਦੀ ਠੰਡਕ ਸੰਗਤਾਂ ਤੱਕ ਪਹੁੰਚੇ, ਇਸ ਤੋਂ ਇਲਾਵਾ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ (Complex) ਅੰਦਰ ਵੀ ਵੱਡੀ ਗਿਣਤੀ ਵਿੱਚ ਪੱਖੇ ਲਗਾਏ ਗਏ ਹਨ ਅਤੇ ਪਰਿਕਰਮਾ ਦੇ ਵਿੱਚ ਵੀ ਪੱਖੇ ਲਗਾਏ ਗਏ ਹਨ ਤਾਂ ਜੋ ਕਿ ਸੰਗਤ ਨੂੰ ਗਰਮੀ ਤੋਂ ਰਾਹਤ ਮਿਲ ਸਕੇ।