ਹੋਲਾ ਮਹੱਲਾ ਸ਼੍ਰੀ ਆਨੰਦਪੁਰ ਸਾਹਿਬ ਜੀ ਦੀਆਂ ਤਿਆਰੀਆਂ ਹੋਈਆਂ ਆਰੰਭ
ਹੋਲਾ ਮਹੱਲਾ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਤਿਆਰੀਆਂ ਹੋਈਆਂ ਆਰੰਭ
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਰੰਭਤਾ ਦੀ ਹੋਈ ਅਰਦਾਸ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਨੂੰ ਰੰਗ ਰੋਗਣ ਦੀ ਸੇਵਾ ਹੋਈ ਸ਼ੁਰੂ
Shri Anandpur Sahib 05 February 2024,(Bol Punjab De):- ਸਿੱਖ ਕੌਮ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਨੂੰ ਮੁੱਖ ਰੱਖਦੇ ਹੋਏ ਅੱਜ ਤਖ਼ਤ ਸ਼੍ਰੀ ਕੇਸਗੜ ਸਾਹਿਬ ਜੀ (Takht Shri Kesgarh Sahib) ਵਿਖੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਾਲਿਆਂ ਵੱਲੋਂ ਰੰਗ ਰੋਗਨ ਦੀ ਸੇਵਾ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਸੰਪਰਦਾਵਾਂ ਦੇ ਮੁਖੀ ਹਾਜ਼ਰ ਸਨ। ਰੰਗ ਰੋਗਣ ਦੀ ਸ਼ੁਰੂਆਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਸੰਤ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੇ ਕਿਹਾ ਕਿ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ 21 ਮਾਰਚ 2023 ਤੋਂ ਲੈ ਕੇ 26 ਮਾਰਚ 2023 ਤੱਕ ਬੜੇ ਜਾਹੋ ਜਲਾਲ ਅਤੇ ਚੜਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਸੰਗਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਨ ਪਹੁੰਚਣਗੀਆਂ। ਉਹਨਾਂ ਦੱਸਿਆ ਕਿ ਇਸੇ ਸੰਬੰਧ ਵਿੱਚ ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਾਲਿਆਂ ਵੱਲੋਂ ਹੋਲੇ ਮਹੱਲੇ ਦੀ ਆਮਦ ਨੂੰ ਵੇਖਦਿਆਂ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਰੰਗ ਰੋਗਨ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।