ਫਲਿੱਪਕਾਰਟ ਦੇ ਸਹਿ-ਸੰਸਥਾਪਕ ਬਿੰਨੀ ਬਾਂਸਲ ਨੇ ਕੰਪਨੀ ਦੇ ਬੋਰਡ ਤੋਂ ਅਸਤੀਫਾ ਦੇ ਦਿਤਾ
New Delhi,28 Jan,(Bol Punjab De):- ਫਲਿੱਪਕਾਰਟ ਦੇ ਸਹਿ-ਸੰਸਥਾਪਕ ਬਿੰਨੀ ਬਾਂਸਲ (Binny Bansal) ਨੇ ਕੰਪਨੀ ਦੇ ਬੋਰਡ ਤੋਂ ਅਸਤੀਫਾ ਦੇ ਦਿਤਾ ਹੈ। ਕੰਪਨੀ ਨੇ ਬਿਆਨ ’ਚ ਇਹ ਜਾਣਕਾਰੀ ਦਿਤੀ। ਬਿੰਨੀ ਬਾਂਸਲ ਨੇ ਲਗਭਗ ਛੇ ਮਹੀਨੇ ਪਹਿਲਾਂ ਕੰਪਨੀ ਵਿਚ ਅਪਣੀ ਪੂਰੀ ਹਿੱਸੇਦਾਰੀ ਵੇਚ ਦਿਤੀ ਸੀ।
ਫਲਿੱਪਕਾਰਟ (Flipkart) ਦੇ ਸੀ.ਈ.ਓ. ਅਤੇ ਬੋਰਡ ਮੈਂਬਰ ਕਲਿਆਣ ਕ੍ਰਿਸ਼ਨਾਮੂਰਤੀ ਨੇ ਕਿਹਾ, ‘‘ਕਾਰੋਬਾਰ ’ਚ ਉਨ੍ਹਾਂ ਦੀ ਸੂਝ ਅਤੇ ਡੂੰਘੀ ਮੁਹਾਰਤ ਬੋਰਡ ਅਤੇ ਕੰਪਨੀ ਲਈ ਅਨਮੋਲ ਰਹੀ ਹੈ। ਫਲਿੱਪਕਾਰਟ ਇਕ ਵਧੀਆ ਵਿਚਾਰ ਅਤੇ ਸਖਤ ਮਿਹਨਤ ਦਾ ਨਤੀਜਾ ਹੈ ਜੋ ਭਾਰਤ ’ਚ ਖਰੀਦਦਾਰੀ ਕਰਨ ਦੇ ਤਰੀਕੇ ਨੂੰ ਬਦਲਣ ਲਈ ਵਚਨਬੱਧ ਟੀਮਾਂ ਵਲੋਂ ਬਣਾਇਆ ਗਿਆ ਹੈ। ਅਸੀਂ ਬਿੰਨੀ ਬਾਂਸਲ ਨੂੰ ਉਨ੍ਹਾਂ ਦੇ ਅਗਲੇ ਉੱਦਮ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਭਾਰਤੀ ਪ੍ਰਚੂਨ ਵਾਤਾਵਰਣ ਪ੍ਰਣਾਲੀ ’ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।’’
ਫਲਿੱਪਕਾਰਟ (Flipkart) ਦਾ ਵੈਲਿਊਏਸ਼ਨ ਵਧ ਕੇ 38 ਅਰਬ ਡਾਲਰ ਹੋ ਗਿਆ ਹੈ। ਹਾਲਾਂਕਿ ਕੰਪਨੀ ਅਜੇ ਵੀ ਘਾਟੇ ’ਚ ਹੈ। ਕੰਪਨੀ ਦੀ ਏਕੀਕ੍ਰਿਤ ਸ਼ੁੱਧ ਆਮਦਨ ਪਿਛਲੇ ਵਿੱਤੀ ਸਾਲ (2022-23) ’ਚ 9.4 ਫੀ ਸਦੀ ਵਧ ਕੇ 56,012.8 ਕਰੋੜ ਰੁਪਏ ਹੋ ਗਈ, ਜੋ ਵਿੱਤੀ ਸਾਲ 2021-22 ’ਚ 51,176 ਕਰੋੜ ਰੁਪਏ ਸੀ। ਕੁਲ ਮਾਲੀਆ ’ਚ ਵਾਧੇ ਦੇ ਬਾਵਜੂਦ ਫਲਿੱਪਕਾਰਟ ਦਾ ਏਕੀਕ੍ਰਿਤ ਘਾਟਾ ਪਿਛਲੇ ਵਿੱਤੀ ਸਾਲ ’ਚ ਵਧ ਕੇ 4,890.6 ਕਰੋੜ ਰੁਪਏ ਹੋ ਗਿਆ, ਜੋ 2021-22 ’ਚ 3,371.2 ਕਰੋੜ ਰੁਪਏ ਸੀ।