ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਲੋਂ ਸਿੱਖ ਕੌਮ ਨੂੰ ਵਧਾਈ
BolPunjabDe Buero
Amritsar, 16 January 2024,(Bol Punjab De):- ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦਸਮ ਪਾਤਸ਼ਾਹ,ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 357ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਨੂੰ ਵਧਾਈਆਂ ਦਿੰਦਿਆਂ ਦਸਮ ਪਾਤਸ਼ਾਹ ਦੀਆਂ ਸਿੱਖਿਆਵਾਂ ਦੇ ਧਾਰਨੀ ਹੋ ਕੇ ਸਾਰੀ ਕੌਮ ਨੂੰ ਖ਼ਾਲਸਈ ਰਹਿਤ ਦੇ ਧਾਰਨੀ ਬਣਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ,ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਦੁਨੀਆ ਵਿਚ ਕ੍ਰਾਂਤੀਕਾਰੀ, ਵਿਦਵਾਨ, ਧਾਰਮਿਕ ਤੇ ਰਾਜਨੀਤਕ ਰਾਹ-ਦਿਸੇਰੇ ਤਾਂ ਲੱਖਾਂ ਹੋਣਗੇ ਪਰ ਮਾਨਵ ਜਾਤੀ ਦੇ ਸੰਸਾਰੀ ਤੇ ਰੂਹਾਨੀ ਕਲਿਆਣ ਵਾਸਤੇ ਪੂਰਾ ਪਰਿਵਾਰ ਕੁਰਬਾਨ ਕਰ ਦੇਣ ਵਾਲੇ ਸਿਰਫ ਤੇ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Shri Guru Gobind Singh Ji) ਹੀ ਹੋਏ ਹਨ,ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਦੇ ਵਿਸ਼ਵ ਪ੍ਰਸੰਗ ਵਿਚ ਕੀਤੇ ਪਰਉਪਕਾਰਾਂ ਦਾ ਮੁਕੰਮਲ ਵਖਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਗੁਰੂ ਸਾਹਿਬ ਦੁਆਰਾ ਸੰਸਾਰੀ ਜਾਮੇ ਵਿਚ ਵਿਚਰਦਿਆਂ ਮਨੁੱਖੀ ਅਧਿਕਾਰਾਂ, ਸਰਬ-ਸਾਂਝੀਵਾਲਤਾ, ਮਨੁੱਖੀ ਬਰਾਬਰੀ ਅਤੇ ਧਰਮ ਦੀ ਆਜ਼ਾਦੀ ਲਈ ਕੀਤਾ ਅਦੁੱਤੀ ਸੰਘਰਸ਼ ਰਹਿੰਦੀ ਦੁਨੀਆ ਤੱਕ ਮਨੁੱਖਤਾ ਲਈ ਪ੍ਰੇਰਨਾ-ਸਰੋਤ ਰਹੇਗਾ,ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਸਮੁੱਚੀ ਸਿੱਖ ਕੌਮ ਨੂੰ ਅੰਮ੍ਰਿਤਧਾਰੀ ਹੋ ਕੇ ਬਾਣੀ-ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ।