BolPunjabDe Buero
Gurdaspur,12 Jan,(Bol Punjab De):- ਜੰਮੂ-ਕਸ਼ਮੀਰ (Jammu And Kashmir) ਦੇ ਗੁਲਮਰਗ ਖੇਤਰ (Gulmarg Area) ਵਿਚ ਗੁਰਦਾਸਪੁਰ ਨਿਵਾਸੀ ਫੌਜੀ ਜਵਾਨ ਪਹਾੜੀ ਤੋਂ ਡਿੱਗਣ ਕਰ ਕੇ ਸ਼ਹੀਦ ਹੋ ਗਿਆ,ਗੁਰਪ੍ਰੀਤ ਸਿੰਘ (24) ਜੰਮੂ ਕਸ਼ਮੀਰ ਵਿਚ ਕਾਂਸਟੇਬਲ ਦੇ ਤੌਰ ‘ਤੇ ਤੈਨਾਤ ਸੀ ਅਤੇ ਮੂਲ ਰੂਪ ਵਿਚ ਗੁਰਦਾਸਪੁਰ ਦੇ ਪਿੰਡ ਭੈਣੀ ਖੱਦਰ ਦਾ ਰਹਿਣ ਵਾਲਾ ਸੀ,ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ (Shaheed Sainik Family Protection Council) ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਕਾਂਸਟੇਬਲ ਗੁਰਪ੍ਰੀਤ ਸਿੰਘ 6 ਸਾਲ ਪਹਿਲਾਂ 73 ਫੀਲਡ ਰੈਜੀਮੈਂਟ (Field Regiment) ਵਿਚ ਭਰਤੀ ਹੋਇਆ ਸੀ ਅਤੇ ਇਸ ਦੌਰਾਨ ਉਹ ਜ਼ਿਆਦਾਤਰ ਅਤਿਵਾਦ ਪ੍ਰਭਾਵਿਤ ਇਲਾਕਿਆਂ ਵਿਚ ਰਿਹਾ।
ਸਿਪਾਹੀ ਗੁਰਪ੍ਰੀਤ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਸਾਲ ਅਗਸਤ ਮਹੀਨੇ ਪੱਛਮੀ ਬੰਗਾਲ ਦੇ ਵੀਨਾਗੁੜੀ ਤੋਂ 45 ਦਿਨਾਂ ਦੀ ਛੁੱਟੀ ’ਤੇ ਆਇਆ ਸੀ,ਛੁੱਟੀ ਪੂਰੀ ਕਰਨ ਤੋਂ ਬਾਅਦ ਉਹ ਸਿੱਧਾ 18 ਰਾਸ਼ਟਰੀ ਰਾਈਫਲਜ਼ ਜੋ ਕਿ ਜੰਮੂ-ਕਸ਼ਮੀਰ ਦੇ ਅਤਿਵਾਦ ਪ੍ਰਭਾਵਿਤ ਖੇਤਰ ਗੁਲਮਰਗ ਸੈਕਟਰ (Gulmarg Sector) ’ਚ ਤਾਇਨਾਤ ਹੈ,ਵਿਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਵਿਚ ਜੁਟ ਗਿਆ।
ਬੀਤੇ ਦਿਨ ਉਹ ਆਪਣੇ ਸਾਥੀਆਂ ਸਮੇਤ ਗੁਲਮਰਗ ਤੋਂ ਦੂਰ ਬਰਫੀਲੀਆਂ ਪਹਾੜੀਆਂ ’ਤੇ ਅਤਿਵਾਦੀਆਂ ਦਾ ਸੁਰਾਗ ਲਗਾਉਣ ਲਈ ਗਸ਼ਤ ਕਰ ਰਹੇ ਸਨ ਕਿ ਇਸੇ ਦੌਰਾਨ ਸਿਪਾਹੀ ਗੁਰਪ੍ਰੀਤ ਸਿੰਘ ਦਾ ਪੈਰ ਪਹਾੜੀ ਤੋਂ ਤਿਲਕ ਗਿਆ ਤੇ ਉਹ ਡੂੰਘੀ ਖਾਈ ਵਿਚ ਜਾ ਡਿੱਗਿਆ,ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ 6 ਵਜੇ ਉਨ੍ਹਾਂ ਨੂੰ ਯੂਨਿਟ ਤੋਂ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋ ਗਿਆ ਹੈ।
ਕਾਂਸਟੇਬਲ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਮਾਤਾ ਲਖਵਿੰਦਰ ਕੌਰ, ਪਿਤਾ ਨਰਿੰਦਰ ਸਿੰਘ ਅਤੇ ਛੋਟਾ ਭਰਾ ਹਰਪ੍ਰੀਤ ਸਿੰਘ ਛੱਡ ਗਿਆ ਹੈ,ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਘਰ ਵਿਚ ਇਕੱਲਾ ਹੀ ਰੋਟੀ-ਰੋਜ਼ੀ ਕਮਾਉਣ ਵਾਲਾ ਸੀ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆਂ ’ਤੇ ਸੀ,ਉਸ ਦੇ ਜਾਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ,ਕੁੰਵਰ ਵਿੱਕੀ ਨੇ ਦੱਸਿਆ ਕਿ ਇਸ ਬਹਾਦਰ ਸਿਪਾਹੀ ਦੀ ਮ੍ਰਿਤਕ ਦੇਹ ਅੱਜ ਦੇਰ ਰਾਤ ਪਠਾਨਕੋਟ ਪਹੁੰਚਣ ਦੀ ਸੰਭਾਵਨਾ ਹੈ ਅਤੇ 13 ਜਨਵਰੀ ਨੂੰ ਸਿਪਾਹੀ ਗੁਰਪ੍ਰੀਤ ਸਿੰਘ (Sepoy Gurpreet Singh) ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਭੈਣੀ ਖੱਦਰ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।