ਮੀਟਿੰਗ ਤੋਂ ਬਾਅਦ ਡੀਜ਼ਲ ਤੇ ਪੈਟਰੋਲ ਸਟਾਕ ‘ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ,ਸੂਬੇ ਵਿੱਚ ਪੈਟਰੋਲ ਤੇ ਡੀਜ਼ਲ ਦਾ ਢੁਕਵਾਂ ਸਟਾਕ ਮੌਜੂਦ
BolPunjabDe Buero
Chandigarh,02 Jan,(Bol Punjab De):- ਪੰਜਾਬ ਵਿਚ ਡੀਜ਼ਲ ਤੇ ਪੈਟਰੋਲ ਦੀ ਵੰਡ ਦੀ ਨਿਗਰਾਨੀ ਕਰਨ ਲਈ ਸੂਬਾ ਤੇ ਜ਼ਿਲ੍ਹਾ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਸੀ,ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਬੁਲਾਈ ਗਈ,ਮੀਟਿੰਗ ਤੋਂ ਬਾਅਦ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ,ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸੂਬੇ ਵਿੱਚ ਪੈਟਰੋਲ ਤੇ ਡੀਜ਼ਲ ਦਾ ਢੁਕਵਾਂ ਸਟਾਕ ਮੌਜੂਦ ਹੈ,ਉਨ੍ਹਾਂ ਕਿਹਾ ਕਿ ਰੋਜ਼ਾਨਾ ਲਗਪਗ 4100 ਕਿਲੋਲੀਟਰ ਪੈਟਰੋਲ ਦੀ ਖਪਤ ਦੇ ਮੁਕਾਬਲੇ ਸੂਬੇ ਭਰ ਦੇ ਵੱਖ-ਵੱਖ ਪੈਟਰੋਲ ਪੰਪਾਂ ‘ਤੇ ਪੈਟਰੋਲ ਦਾ ਸਟਾਕ ਲਗਪਗ 22,600 ਕਿਲੋਲਿਟਰ ਹੈ ਅਤੇ ਇਸ ਨੂੰ ਸਮੇਂ-ਸਮੇਂ ‘ਤੇ ਭਰਿਆ ਜਾਵੇਗਾ।
ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ (Home Secretary Gurkirat Kirpal Singh) ਦੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾ ਕੇ ਤੇਲ ਦਾ ਵਾਧੂ ਸਟਾਕ ਕਰਕੇ ਨਾ ਰੱਖਣ,ਮੀਟਿੰਗ ਵਿਚ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਸੂਬੇ ਭਰ ‘ਚ ਪੈਟਰੋਲ ਅਤੇ ਡੀਜ਼ਲ (Petrol And Diesel) ਦੇ ਟਰੱਕਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ,ਜਦੋਂ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਤੋਂ ਕੁਝ ਫਿਲਿੰਗ ਸਟੇਸ਼ਨਾਂ ‘ਤੇ ਪੈਟਰੋਲ ਤੇ ਡੀਜ਼ਲ ਦੀ ਭਾਰੀ ਕਮੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਸਾਰੇ ਫਿਲਿੰਗ ਸਟੇਸ਼ਨਾਂ (Filling Stations) ‘ਤੇ ਸਟਾਕ ਇਕੋ ਜਿਹਾ ਨਹੀਂ ਹੁੰਦਾ ਪਰ ਇਸ ਦਾ ਵੀ ਜਲਦ ਹੀ ਹੱਲ ਲੱਭ ਲਿਆ ਜਾਵੇਗਾ,ਇਸ ਲਈ ਟਰਾਂਸਪੋਰਟਰਾਂ ਨਾਲ ਮੀਟਿੰਗ ਸੱਦੀ ਗਈ ਹੈ ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ ਤੇ ਲੋਕਾਂ ਨੂੰ ਆਉਣ ਵਾਲੀਆਂ ਦਿੱਕਤਾਂ ਨੂੰ ਵੀ ਦੂਰ ਕੀਤਾ ਜਾ ਸਕੇ।