ਸੰਸਦ ਮੈਂਬਰ ਸੰਨੀ ਦਿਓਲ ਨੂੰ ਲੱਭਣ ਵਾਲੇ ਨੂੰ 50,000 ਇਨਾਮ, ਲੱਗੇ ਗੁੰਮਸ਼ੁਦਗੀ ਦੇ ਪੋਸਟਰ
BolPunjabDe Buero
ਪਠਾਨਕੋਟ (Pathankot) ਵਿਚ ਇਕ ਵਾਰ ਫਿਰ ਸੰਸਦ ਮੈਂਬਰ ਸੰਨੀ ਦਿਓਲ (Member of Parliament Sunny Deol) ਦੇ ਪੋਸਟਰ ਲੱਗੇ ਹਨ,ਭਾਲ ਕਰਨ ਵਾਲੇ ਸ਼ਖਸ ਨੂੰ 50 ਹਜਾਰ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ,ਦੱਸ ਦਈਏ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਗੁਰਦਾਸਪੁਰ ਹਲਕੇ ਤੋਂ ਫਿਲਮ ਸਟਾਰ ਸੰਨੀ ਦਿਓਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ।
ਚੋਣ ਜਿੱਤਣ ਤੋਂ ਬਾਅਦ ਭਾਜਪਾ ਦੇ ਇਸ ਸੰਸਦ ਮੈਂਬਰ ਨੇ ਆਪਣੇ ਹਲਕੇ ਵੱਲ ਘੱਟ ਹੀ ਗੇੜਾ ਮਾਰਿਆ ਹੈ,ਇਸ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਰੋਸ ਹੈ,ਹੁਣ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੇ ਮੁੜ ਗੁੱਸਾ ਜ਼ਾਹਿਰ ਕੀਤਾ ਹੈ,ਪਠਾਨਕੋਟ (Pathankot) ਜ਼ਿਲ੍ਹੇ ਦੇ ਹਲਕਾ ਭੋਆ ਦੇ ਲੋਕਾਂ ਨੇ ਸਰਨਾ ਬੱਸ ਸਟੈਂਡ (Sarna Bus Stand) ‘ਤੇ ਸੰਨੀ ਦਿਓਲ ਦੇ ਪੋਸਟਰ ਲਗਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਠਾਨਕੋਟ ਜ਼ਿਲ੍ਹੇ ਵਿੱਚ ਇਹ ਗੁੰਮਸ਼ੁਦਾ ਹੋਣ ਦੇ ਪੋਸਟਰ ਲਗਾਏ ਗਏ ਹਨ,ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਹਲਕਾ ਪਠਾਨਕੋਟ (Pathankot) ਅਤੇ ਸੁਜਾਨਪੁਰ ਵਿੱਚ ਵੀ ਸੰਸਦ ਮੈਂਬਰ ਸੰਨੀ ਦਿਓਲ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਾਏ ਗਏ ਸਨ,ਪਰ ਇਸ ਤੋਂ ਬਾਅਦ ਵੀ ਭਾਜਪਾ ਦੇ ਸੰਸਦ ਮੈਂਬਰ ਨੇ ਲੋਕਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।
ਉਹ ਆਪਣੇ ਲੋਕ ਸਭਾ ਹਲਕੇ ਵਿੱਚ ਘੱਟ ਹੀ ਆਏ,ਜਿਸ ਕਾਰਨ ਐਤਵਾਰ ਨੂੰ ਲੋਕ ਸਭਾ ਹਲਕਾ ਪਠਾਨਕੋਟ (Lok Sabha Constituency Pathankot) ਵਿੱਚ ਲੋਕਾਂ ਦਾ ਗੁੱਸਾ ਮੁੜ ਦੇਖਣ ਨੂੰ ਮਿਲਿਆ,ਪ੍ਰਦਰਸ਼ਨਕਾਰੀ ਲੋਕਾਂ ਨੇ ਬੱਸਾਂ ਵਿੱਚ ਸਫਰ ਕੀਤਾ ਅਤੇ ਲੋਕਾਂ ਵਿੱਚ ਪੋਸਟਰ ਵੀ ਵੰਡੇ ਅਤੇ ਬੱਸਾਂ ਵਿੱਚ ਚਿਪਕਾਏ ਤਾਂ ਜੋ ਉਨ੍ਹਾਂ ਦਾ ਸੁਨੇਹਾ ਉਨ੍ਹਾਂ ਦੇ ਸੰਸਦ ਮੈਂਬਰ ਤੱਕ ਪਹੁੰਚ ਸਕੇ।