ਮੋਹਾਲੀ ‘ਚ ਗ੍ਰੰਥੀ ਸਿੰਘ ‘ਤੇ ਹੋਏ ਹਮਲੇ ਦੀ ਜੱਥੇਦਾਰ ਗਿਆਨੀ ਰਘਬੀਰ ਸਿੰਘ ਤੇ SGPC ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਨਿੰਦਾ
BolPunjabDe Buero
ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਮੋਹਾਲੀ ਦੇ ਨੇੜੇ ਪਿੰਡ ਸਿੱਲ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਉੱਪਰ ਹੋਏ ਹਮਲੇ ਅਤੇ ਬੇਅਦਬੀ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਬੇਅਦਬੀਆਂ ਨੂੰ ਰੋਕਣ ਵਿਚ ਸਰਕਾਰ ਦੀ ਅਸਫਲਤਾ ਕਾਰਨ ਗੁਰੂ ਦੋਖੀਆਂ ਦੇ ਹੌਂਸਲੇ ਹੋਰ ਵੱਧ ਰਹੇ ਹਨ, ਜੋ ਕਿ ਚੱਲ ਰਹੀ ਕਿਸੇ ਵੱਡੀ ਤੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਹਨ।
ਮੋਹਾਲੀ (Mohali) ਨੇੜਲੇ ਪਿੰਡ ਸਿੱਲ ਵਿਚ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਉੱਪਰ ਹਮਲਾ ਕਰਕੇ ਕੀਤੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ (Shiromani Committee) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ,ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਦੋਸ਼ੀ ਵਿਅਕਤੀ ਵੱਲੋਂ ਕੀਤੀ ਹਰਕਤ ਨੇ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।
ਉਨ੍ਹਾ ਕਿਹਾ ਕਿ ਪੰਜਾਬ ਅੰਦਰ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਵੱਡੀ ਚਿੰਤਾ ਵਾਲੀ ਗੱਲ ਹੈ,ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ,ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੇ ਅਦਬ ਸਤਿਕਾਰ ਪ੍ਰਤੀ ਸੁਚੇਤ ਹੋ ਕੇ ਗੁਰਦੁਆਰਾ ਸਾਹਿਬ ਅੰਦਰ ਜ਼ੁੰਮੇਵਾਰੀ ਨਾਲ ਸੇਵਾ ਨਿਭਾਉਣ।