ਨਕੋਦਰ ਦੇ ਕਾਨਵੈਂਟ ਸਕੂਲ ਵਿਚ ਜ਼ਹਿਰੀਲਾ ਪਾਣੀ ਪੀਣ ਕਾਰਨ 12 ਬੱਚੇ ਬੀਮਾਰ
BolPunjabDe Buero
ਨਕੋਦਰ (Nakodar) ਦੇ ਸੇਂਟ ਜੂਡਜ਼ ਕਾਨਵੈਂਟ ਸਕੂਲ (St. Jude’s Convent School) ਦੇ 12 ਬੱਚੇ ਜ਼ਹਿਰੀਲਾ ਪਾਣੀ ਪੀਣ ਕਾਰਨ ਬੀਮਾਰ ਹੋ ਗਏ, ਜਿਸ ਮਗਰੋਂ ਉਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ,ਮਿਲੀ ਜਾਣਕਾਰੀ ਅਨੁਸਾਰ ਸਾਰੇ ਬੱਚੇ 10ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਹਨ,ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਨਕੋਦਰ (Nakodar) ਦੇ ਕਮਲ ਹਸਪਤਾਲ ਲੈ ਕੇ ਗਏ।
ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਕੁੱਝ ਹੀ ਮਿੰਟਾਂ ’ਚ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ,ਹਸਪਤਾਲ ਦੇ ਡਾਕਟਰਾਂ ਨੇ ਤੁਰੰਤ ਬੱਚਿਆਂ ਦਾ ਇਲਾਜ ਸ਼ੁਰੂ ਕਰ ਦਿਤਾ,ਇਸ ਦੌਰਾਨ ਡਾਕਟਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੱਚਿਆਂ ਨੇ ਜ਼ਹਿਰੀਲਾ ਖਾਣਾ ਜਾਂ ਗੰਦਾ ਪਾਣੀ ਪੀ ਲਿਆ ਹੈ,ਜਿਸ ਕਾਰਨ ਫੂਡ ਪੁਆਇਜ਼ਨਿੰਗ ਹੋਈ ਹੈ।
ਵਿਦਿਆਰਥੀਆਂ ਮੁਤਾਬਕ ਜਦੋਂ ਉਹ ਕਰੀਬ 11:30 ਵਜੇ ਗਰਾਊਂਡ ’ਚ ਖੇਡ ਰਹੇ ਸਨ ਤਾਂ ਸਾਰਿਆਂ ਨੇ ਗਰਾਊਂਡ (Ground) ਦੇ ਕੋਲ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਤਾ,ਵਿਦਿਆਰਥੀਆਂ ਨੇ ਦਸਿਆ ਕਿ ਪਾਣੀ ਵਿਚੋਂ ਹਲਕੀ ਜਿਹੀ ਬਦਬੂ ਆ ਰਹੀ ਸੀ,ਪਾਣੀ ਪੀਣ ਉਪਰੰਤ ਪੇਟ ਵਿਚ ਦਰਦ ਹੋਣ ਲੱਗਿਆ ਅਤੇ ਉਲਟੀਆਂ ਆਉਣ ਲੱਗੀਆਂ ।
ਦੁਪਹਿਰ 2 ਵਜੇ ਦੇ ਕਰੀਬ ਜਦੋਂ ਸਾਰੇ ਵਿਦਿਆਰਥੀਆਂ ਦੀ ਹਾਲਤ ਗੰਭੀਰ ਹੋਣ ਲੱਗੀ ਤਾਂ ਉਨ੍ਹਾਂ ਨੂੰ ਤੁਰੰਤ ਸਕੂਲ ਦੇ ਨੇੜੇ ਸਥਿਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ,ਫਿਲਹਾਲ ਬੱਚੇ ਖਤਰੇ ਤੋਂ ਬਾਹਰ ਹਨ,ਦਸਿਆ ਜਾ ਰਿਹਾ ਹੈ ਕਿ ਸਕੂਲ ’ਚ ਜਿਹੜੇ ਵਾਟਰ ਕੂਲਰ (Water Cooler) ਤੋਂ ਬੱਚਿਆ ਨੇ ਪਾਣੀ ਪੀਤਾ ਉਸ ਦੀ ਹਾਲਤ ਤਰਸਯੋਗ ਹੈ,ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਲਾਪਰਵਾਹ ਹੈ।
ਸਕੂਲ ਦੇ ਡਾਇਰੈਕਟਰ ਫਾਦਰ ਡੇਵਿਸ (Director Father Davis) ਨੇ ਕਿਹਾ-ਉਨ੍ਹਾਂ ਦੇ ਸਕੂਲ ਵਿਚ ਬੱਚਿਆਂ ਦਾ ਬੀਮਾਰ ਹੋਣਾ ਬਹੁਤ ਗੰਭੀਰ ਹੈ,ਸਕੂਲ ਇਸ ਲਈ ਅਪਣੀ ਜਾਂਚ ਕਮੇਟੀ ਬਣਾ ਰਿਹਾ ਹੈ,ਜਾਂਚ ਦੇ ਆਧਾਰ ‘ਤੇ ਜੋ ਵੀ ਦੋਸ਼ੀ ਪਾਇਆ ਗਿਆ,ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ।