ਸ੍ਰੀ ਦਰਬਾਰ ਸਾਹਿਬ ਜੀ ਦੇ ਇਕ ਕਾਊਂਟਰ ਤੋਂ ਪੈਸੇ ਚੁੱਕਣ ਦੇ ਮਾਮਲੇ ’ਚ ਪਰਚਾ ਦਰਜ
BolPunjabDe Buero
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Shri Harmandir Sahib Ji) ਸ੍ਰੀ ਦਰਬਾਰ ਸਾਹਿਬ ਜੀ (Shri Darbar Sahib Ji) ਵਿਖੇ ਲੰਗਰ ਤੇ ਇਮਾਰਤਾਂ ਲਈ ਸੰਗਤ ਵੱਲੋਂ ਸੇਵਾ ਪ੍ਰਾਪਤ ਕਰਨ ਵਾਸਤੇ ਇੱਕ ਕਾਊਂਟਰ ਤੋਂ ਇੱਕ ਲੱਖ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਚਾਰ ਸ਼ੱਕੀ ਵਿਅਕਤੀਆਂ ’ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ,ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ (Shri Darbar Sahib Ji) ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਸੰਧਿਆ ਵੇਲੇ ਦੀ ਹੈ।
ਉਨ੍ਹਾਂ ਕਿਹਾ ਕਿ ਪ੍ਰਕਰਮਾ ਦੇ ਅੰਦਰ ਲੰਗਰ ਤੇ ਇਮਾਰਤਾਂ ਦੀ ਸੇਵਾ ਪ੍ਰਾਪਤ ਕਰਨ ਲਈ ਸਥਾਪਤ ਇੱਕ ਕਾਊਂਟਰ ਉੱਤੇ ਡਿਊਟੀ ਨਿਭਾ ਰਹੇ ਮੁਲਾਜ਼ਮ ਅਨੁਸਾਰ ਐਤਵਾਰ ਨੂੰ ਸੰਧਿਆ ਵੇਲੇ ਸਮਾਂ ਕਰੀਬ 7.30 ਵਜੇ ਜਦੋਂ ਉਹ ਕੱਚੀਆਂ ਰਸੀਦਾਂ ਕੱਟ ਰਿਹਾ ਸੀ,ਤਾਂ ਉਸ ਪਾਸ ਚਾਰ ਸ਼ੱਕੀ ਵਿਅਕਤੀ ਸਮੇਤ ਇੱਕ ਔਰਤ ਆਏ।
ਧੰਗੇੜਾ ਨੇ ਕਿਹਾ ਕਿ ਮੁਲਾਜ਼ਮ ਅਨੁਸਾਰ ਦੋਸ਼ੀ ਵਿਅਕਤੀਆਂ ਨੇ ਉਸ ਨੂੰ ਰਸੀਦ ਕਟਵਾਉਣ ਦੇ ਨਾਮ ਹੇਠ ਆਪਣੀ ਗੱਲਾਂ ਵਿੱਚ ਉਲਝਾਇਆ ਅਤੇ ਕਾਊਂਟਰ ਵਿੱਚੋਂ ਇੱਕ ਲੱਖ ਰੁਪਏ ਦੇ ਨਕਦੀ ਚੋਰੀ ਕਰਕੇ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਸ਼ਿਕਾਇਤ ਉੱਤੇ ਅੰਮ੍ਰਿਤਸਰ ਦੇ ਈ-ਡੀਵੀਜਨ ਪੁਲਿਸ ਥਾਣੇ (E-Division Police Station) ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ,ਧੰਗੇੜਾ ਨੇ ਕਿਹਾ ਕਿ ਸੰਸਥਾ ਵੱਲੋਂ ਇਸ ਘਟਨਾ ਦੀ ਆਪਣੇ ਵੱਲੋਂ ਅੰਦਰੂਨੀ ਜਾਂਚ ਵੀ ਆਰੰਭ ਦਿੱਤੀ ਗਈ ਹੈ।