ਹਵਾ ਪ੍ਰਦੂਸ਼ਣ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਖ਼ਤ
BolPunjabDe Buero
ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਨੇ ਕਿਹਾ ਹੈ ਕਿ ਜਿਨ੍ਹਾਂ ਸੂਬਿਆਂ ਵਿਚ ਹਵਾ ਗੁਣਵੱਤਾ ਸੂਚਕਾਂਕ ਵਿਗੜ ਗਿਆ ਹੈ,ਉਨ੍ਹਾਂ ਸੂਬਿਆਂ ਵਲੋਂ “ਤੁਰੰਤ ਉਪਚਾਰਕ ਕਦਮ” ਚੁੱਕਣ ਦੇ ਉਸ ਦੇ ਪਹਿਲੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ,ਵੱਖ-ਵੱਖ ਸੂਬਿਆਂ ਵਿਚ ਪ੍ਰਦੂਸ਼ਣ ਦੀ ਸਥਿਤੀ ਵਿਚ ਮਹੱਤਵਪੂਰਨ ਸੁਧਾਰ ਦੀ ਘਾਟ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ,ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਬੰਧਤ ਅਧਿਕਾਰੀਆਂ ਨੂੰ ਅਪਣੇ ਸਟੈਂਡ ਦੀ ਸਮੀਖਿਆ ਕਰਨ,ਹਵਾ ਦੀ ਗੁਣਵੱਤਾ ਵਿਚ ਸੁਧਾਰ ਲਈ ਢੁਕਵੇਂ ਉਪਾਅ ਕਰਨ ਅਤੇ ਕਾਰਵਾਈ ਦੀ ਰੀਪੋਰਟ ਸੌਂਪਣ ਦੇ ਨਿਰਦੇਸ਼ ਦਿਤੇ।
ਐਨਜੀਟੀ (NGT) ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਦੇ ਆਨਲਾਈਨ ਹਵਾ ਗੁਣਵੱਤਾ ਬੁਲੇਟਿਨ ਦਾ ਨੋਟਿਸ ਲੈਂਦਿਆਂ ਦਿੱਲੀ,ਹਰਿਆਣਾ,ਪੰਜਾਬ,ਰਾਜਸਥਾਨ,ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼,ਮਹਾਰਾਸ਼ਟਰ,ਗੁਜਰਾਤ,ਬਿਹਾਰ ਅਤੇ ਝਾਰਖੰਡ ਵਰਗੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਸੀ,ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਦੀ ਬੈਂਚ ਨੇ 3-9 ਨਵੰਬਰ ਦੌਰਾਨ ਏਕਿਊਆਈ (AQI) ਦੇ ਅੰਕੜਿਆਂ ਨੂੰ ਦੇਖਿਆ ਅਤੇ ਕਿਹਾ, “ਸੰਬੰਧਤ ਅਧਿਕਾਰੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਲਈ ਲੋੜੀਂਦੇ ਯਤਨ ਨਹੀਂ ਕਰ ਰਹੇ ਹਨ।”