Punjab

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ‘ਤੇ ਵਿਸ਼ੇਸ਼

BolPunjabDe Buero

ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਲਹੌਰ ਦੀ ਚੂਨਾ ਮੰਡੀ ਵਿਖੇ ਗਰੀਬ ਪਰਿਵਾਰ ਦੇ ਵਿੱਚ ਹੋਇਆ। ਮਾਪਿਆਂ ਦਾ ਵੱਡਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ,ਅੰਮ੍ਰਿਤਸਰ ਦੇ ਪਿੰਡ ਬਾਸਰਕੇ ਨਾਨਕੇ ਹੋਣ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦਾ ਆਉਣਾ -ਜਾਣਾ ਬਣਿਆ ਰਹਿੰਦਾ ਸੀ। ਇੱਥੇ ਹੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨਾਲ ਮਿਲਾਪੜੇ ਸੰਬੰਧ ਬਣ ਜਾਣ ਕਰਕੇ ਗੁਰੂ ਰਾਮਦਾਸ ਜੀ (ਜੇਠਾ ਜੀ) ਗੋਇੰਦਵਾਲ ਸਾਹਿਬ ਆ ਗਏ।

ਜੇਠਾ ਜੀ ਨੇ ਸ੍ਰੀ ਗੁਰੂ ਅਰਮਦਾਸ ਜੀ ਦੀ ਬਹੁਤ ਸੇਵਾ ਕੀਤੀ ਤੇ ਇਸ ਸੇਵਾ ਤੇ ਨਿਮਰਤਾ ਨੂੰ ਦੇਖਦਿਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਤੇ ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣਾ ਲਿਆ। ਬੀਬੀ ਭਾਨੀ ਜੀ,ਜੋ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਸੀ।

ਬੀਬੀ ਭਾਨੀ ਜੀ ਪ੍ਰਮਾਤਮਾ ਦਾ ਨਾਮ ਬਹੁਤ ਜਪਦੀ ਸੀ। ਇੱਕ ਵਾਰ ਬੀਬੀ ਭਾਨੀ ਜੀ ਨੇ ਆਪਣੀ ਨੱਥ ਉਤਾਰ ਕੇ ਆਪਣੇ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਅੱਗੇ ਰੱਖ ਦਿੱਤੀ। ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਸੁਹਾਗਣਾਂ ਆਪਣੇ ਗਹਿਣੇ ਇਸ ਤਰਾਂ ਨਹੀਂ ਉਤਾਰਦੀਆਂ ਤਾਂ ਬੀਬੀ ਭਾਨੀ ਜੀ ਨੇ ਬਹੁਤ ਹੀ ਦੁਖੀ ਮਨ ਨਾਲ ਕਿਹਾ ਪਿਤਾ ਜੀ ਤੁਸੀਂ ਜਾਨੀ -ਜਾਨ ਹੋ।

ਤਹਾਨੂੰ ਪਤਾ ਹੈ ਕਿ ਮੇਰੇ ਪਤੀ ਦੀ ਉਮਰ ਬਹੁਤ ਘੱਟ ਹੈ ਤਾਂ ਮੈਂ ਕਿਸ ਖੁਸ਼ੀ ਵਿੱਚ ਸਿੰਗਾਰ ਕਰਾਂ। ਅੱਗੋਂ ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਕਿ ਭਾਈ ਜੇਠਾ ਜੀ ਦੀ ਉਮਰ ਬਹੁਤ ਹੈ ,ਉਹਨਾਂ ਨੇ ਅਜੇ ਗੁਰੂ ਘਰ ਦੀ ਬਹੁਤ ਸੇਵਾ ਕਰਨੀ ਹੈ ਤੇ ਸੋਢੀ ਪਤਾਸ਼ਾਹ ਦੇ ਨਾਮ ਨਾਲ ਜਾਣਿਆ ਜਾਣਾ ਹੈ ,ਸੋ ਆਪਣੀ ਨੱਥ ਨੂੰ ਪਹਿਣ ਲੋ।

ਬੀਬੀ ਭਾਨੀ ਜੋ ਕਿ ਸ੍ਰੀ ਗੁਰੁ ਰਾਮਦਾਸ ਜੀ ਦੀ ਪਤਨੀ ਸੀ, ਇਸ ਗੱਲ ਨੂੰ ਸੁਣ ਕੇ ਬਹੁਤ ਖੁਸ਼ ਹੋਈ। ਗੁਰੁ ਅਮਰਦਾਸ ਜੀ ਭਾਈ ਜੇਠਾ ਜੀ ਦੀ ਸਵਾ ਤੋਂ ਬਹੁਤ ਖੁਸ਼ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਗੱਦੀ ਦਾ ਵਾਰਿਸ ਵੀ ਭਾਈ ਜੇਠਾ ਜੀ ਨੂੰ ਚੁਣ ਲਿਆ ਤੇ ਜੇਠਾ ਜੀ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਜਿਸ ਦਾ ਮਤਲਬ ਸ੍ਰੀ ਗੁਰੂ ਘਰ ਦਾ ਸੇਵਕ। ਇਸ ਤਰ੍ਹਾਂ ਭਾਈ ਜੇਠਾ ਜੀ ਦੀ ਨਿਮਰਤਾ ਤੇ ਰਹਿਮਤਾਂ ਦਾ ਮੀਂਹ ਵਰ੍ਹਿਆਂ ਤੇ ਲਹੌਰ ਦੇ ਬਜ਼ਾਰਾਂ ਵਿੱਚ ਅਨਜਾਣ ਘੁੰਮਦੇ ਜੇਠਾ ਜੀ ਗੁਰੂ ਘਰ ਦੇ ਵਾਰਿਸ ਬਣ ਗਏ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਮੁਖੋਂ ਖੁਦ ਉਚਾਰਨ ਕੀਤਾ ਹੈ।

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ

ਜੇਕਰ ਗੁਰੂ ਸਾਹਿਬ ਦੇ ਜੀਵਨ ਉੱਤੇ ਝਾਤ ਪਾਈਏ ਤਾਂ ਪਤਾ ਚੱਲਦਾ ਹੈ ਕਿ ਆਪ ਜੀ ਸੇਵਾ ਸਹਿਣਸ਼ੀਲਤਾ ਅਤੇ ਆਗਿਆਕਾਰੀ ਸੁਭਾਅ ਦੇ ਮਾਲਿਕ ਸਨ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਇੱਕ ਕੇਂਦਰੀ ਸਥਾਨ ਦੀ ਲੋੜ ਮਹਿਸੂਸ ਕੀਤੀ ਤੇ ਰਾਮਦਾਸਪੁਰ ਨਗਰ ਵਸਾਇਆ ,ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਈ ਸਰੋਵਰ ਸਾਹਿਬ ਖੁਦਵਾਏ, ਜਿੱਥੇ ਹਰ ਕਿਸੇ ਦਾ ਦੁੱਖ ਦਰਦ ਦੂਰ ਹੁੰਦਾ।

ਗੁਰੂ ਜੀ ਨੇ 30 ਰਾਗਾਂ ਦੇ ਵਿੱਚ 638 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਸ਼ੋਬਿਤ ਕੀਤੀ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ ਦਿੱਤੀ 4 ਲਾਵਾਂ ਦੇ ਰੂਪ ਵਿੱਚ । ਆਪ ਜੀ ਨੇ ਸੂਹੀ ਰਾਗ ਦੇ ਵਿੱਚ 4 ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ ,ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਹੋਰ ਵਿਲੱਖਣਤਾ ਆ ਗਈ।

ਸੋ ਗੁਰੂ ਰਾਮਦਾਸ ਜੀ ਨੇ ਸਾਰਾ ਸਮਾਂ ਸੱਚੂੀ ਮਨੁੱਖਤਾ ਦੀ ਸੇਵਾ ਕੀਤੀ ਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਅਦਾਰਾ ਪੀਟੀਸੀ ਨੈਟਵਰਕ ਵਲੋਂ ਆਪ ਸਭ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਆਈ ਪੁਰਬ ਦੀਆਂ ਬਹੁਤ ਬਹੂਤ ਮੁਬਾਰਕਾਂ।

Related Articles

Leave a Reply

Your email address will not be published. Required fields are marked *

Back to top button