ਮਨਜ਼ੂਰੀ ਦਵਾਉਣ ਬਦਲੇ ਲਿਆ ਨਜ਼ਰਾਨਾ ਬਣਿਆ ਚਰਚਾ
ਦਰਸ਼ਨ ਸਿੰਘ ਚੌਹਾਨ, ਸੁਨਾਮ
ਬਾਹਰੀ ਸੂਬਿਆਂ ਤੋਂ ਰੋਜ਼ੀ-ਰੋਟੀ ਕਮਾਉਣ ਆਏ ਇੱਕ ਵਿਅਕਤੀ ਪਾਸੋਂ ਕਾਰੋਬਾਰ ਲਈ ਮਨਜ਼ੂਰੀ ਦਿਵਾਉਣ ਬਦਲੇ ਹਾਕਮ ਧਿਰ ਨਾਲ ਸਬੰਧ ਰੱਖਦੇ ਇੱਕ ਵਰਕਰਨੁਮਾ ਆਗੂ ਵੱਲੋਂ ਲਿਆ ਨਜ਼ਰਾਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਆਗੂ ਦੇ ਭਰਮ ਜਾਲ ਵਿੱਚ ਫਸਿਆ ਵਿਅਕਤੀ ਮਨੋਰੰਜਨ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਅਤੇ ਵੱਖ-ਵੱਖ ਖੇਤਰਾਂ ‘ਚ ਪਹੁੰਚ ਕੇ ਉਥੇ ਆਰਜ਼ੀ ਤੌਰ ‘ਤੇ (ਮੇਲਾ ਵਰਗਾ) ਟਿਕਾਣਾ ਬਣਾ ਲੈਂਦਾ ਹੈ। ਉਸ ਨੂੰ ਇਸ ਕਾਰੋਬਾਰ ਲਈ ਇਲਾਕੇ ਦੇ ਸਬੰਧਿਤ ਅਧਿਕਾਰੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਦੱਸਿਆ ਗਿਆ ਹੈ ਹੈ ਕਿ ਛੁਟਭਈਆ ਆਗੂ ਨੇ ਸੁਨਾਮ ਵਿੱਚ ਮਨਜ਼ੂਰੀ ਦਿਵਾਉਣ ਲਈ ਹਜ਼ਾਰਾਂ ਰੁਪਏ ਹੜੱਪ ਲਏ ਉਦੋਂ ਤੱਕ ਤਾਂ ਠੀਕ ਸੀ, ਲੇਕਿਨ ਇਸ ਮੇਲੇ ਦੇ ਪ੍ਰਬੰਧਕਾਂ ਨੇ ਮੁੜ ਉਸੇ ਵਰਕਰਨੁਮਾ ਆਗੂ ਨਾਲ ਕਿਸੇ ਹੋਰ ਖੇਤਰ ਵਿੱਚ ਪ੍ਰਵਾਨਗੀ ਲੈਣ ਲਈ ਸੰਪਰਕ ਕੀਤਾ। ਚਰਚਾ ਇਹ ਵੀ ਛਿੜੀ ਹੋਈ ਹੈ ਕਿ ਉਸੇ ਆਗੂ ਨੇ ਮੇਲਾ ਪ੍ਰਬੰਧਕਾਂ ਪਾਸੋਂ ਕੁੱਝ ਹਜ਼ਾਰ ਰੁਪਏ ਪੇਸ਼ਗੀ ਨਜ਼ਰਾਨੇ ਵਜੋਂ ਵਸੂਲ ਲਏ ਪਰੰਤੂ ਅਗਲੀ ਜਗ੍ਹਾ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਨਾ ਮਿਲਣ ਤੋਂ ਪ੍ਰੇਸ਼ਾਨ ਛੁਟਭਈਆ ਮਨਜ਼ੂਰੀ ਦਿਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਹੁਣ ਇਸ ਆਗੂ ਨੂੰ ਚਿੰਤਾ ਸਤਾ ਰਹੀ ਹੈ ਕਿ ਜੇਕਰ ਕੰਮ ਨਾ ਹੋਇਆ ਤਾਂ ਪੈਸੇ ਵਾਪਸ ਕਰਨੇ ਪੈਣਗੇ। ਉਕਤ ਮਾਮਲੇ ਵਿੱਚ ਲੋਕਾਂ ਦੇ ਨਾਲ-ਨਾਲ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਇਸ ਹਰਕਤ ਦੀ ਭਿਣਕ ਪੈ ਚੁੱਕੀ ਹੈ। ਲੋਕਾਂ ਦੀ ਮੰਗ ਹੈ ਕਿ ਉਕਤ ਕਥਿਤ ਕਾਰੋਬਾਰ ਵਿੱਚ ਲਿਪਤ ਹੋ ਰਹੇ ਵਰਕਰ ਨੁਮਾ ਆਗੂ ਦੇ ਇਸ ਕਾਰਨਾਮੇ ਬਾਰੇ ਇਲਾਕੇ ਦੇ ਦਿੱਗਜ ਆਗੂ ਨੂੰ ਜਾਣੂੰ ਕਰਵਾਉਣਾ ਚਾਹੀਦਾ ਹੈ, ਨਹੀਂ ਤਾਂ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹਲਕੇ ਦੇ ਆਗੂ ਲਈ ਮੁਸੀਬਤ ਦਾ ਕਾਰਨ ਬਣ ਸਕਦੀਆਂ ਹਨ ?