Punjab

ਤਰਕਸ਼ੀਲਾਂ ਵਲੋਂ ਸਿਲੇਬਸ ਚੋਂ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੂੰ ਬਾਹਰ ਕੱਢਣ ਦੀ ਸਖ਼ਤ ਨਿਖੇਧੀ

Buero, bol punjab de TV
ਤਰਕਸ਼ੀਲ਼ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਐਨਸੀਈਆਰਟੀ ਦੇ ਦਸਵੀਂ ਜਮਾਤ ਦੇ ਸਿਲੇਬਸ ‘ਚੋਂ ਕੌਮਾਂਤਰੀ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਨਾਲ ਸੰਬੰਧਿਤ ਜੀਵ ਵਿਕਾਸ ਦੇ ਸਿਧਾਂਤ ਨੂੰ ਬਾਹਰ ਕੱਢਣ ਅਤੇ ਕੌਮੀ ਸਿੱਖਿਆ ਨੀਤੀ 2020 ਹੇਠ ਸਿੱਖਿਆ ਦਾ ਭਗਵਾਂਕਰਨ ਅਤੇ ਵਪਾਰੀਕਰਨ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਅਜਿਹੇ ਲੋਕ ਵਿਰੋਧੀ ਫਾਸ਼ੀਵਾਦੀ ਫੈਸਲਿਆਂ ਨੂੰ ਤੁਰੰਤ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਸਬੰਧੀ ਤਰਕਸ਼ੀਲ ਸੁਸਾਇਟੀ ਵਲੋਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਐਸਸੀਈਆਰਟੀ ਦੇ ਨਿਰਦੇਸ਼ਕ ਨੂੰ ਵੀ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਸਬੰਧੀ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪ੍ਰੈਸ ਬਿਆਨ ਜਾਰੀ ਕਰਦਿਆਂ ਤਰਕਸ਼ੀਲ ਆਗੂਆਂ ਸੀਤਾ ਰਾਮ,ਚਰਨ ਕਮਲ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ ਤੇ ਪ੍ਰਗਟ ਸਿੰਘ ਨੇ ਕਿਹਾ ਕਿ ਚਾਰਲਸ ਡਾਰਵਿਨ ਨੇ ਜੀਵ ਵਿਕਾਸ ਦੇ ਵਿਗਿਆਨਕ ਸਿਧਾਂਤ ਰਾਹੀਂ ਤੱਥਾਂ ਸਹਿਤ ਇਹ ਸਿੱਧ ਕੀਤਾ ਕਿ ਮਨੁੱਖ ਕਿਸੇ ਅਖੌਤੀ ਗੈਬੀ ਸ਼ਕਤੀ ਦੀ ਪੈਦਾਵਾਰ ਨਹੀਂ ਬਲਕਿ ਮਨੁੱਖ ਦਾ ਮੌਜੂਦਾ ਸਵਰੂਪ ਸਮੁੰਦਰ ਅਤੇ ਧਰਤੀ ਉੱਤੇ ਵਿਚਰਦੇ ਰਹੇ ਵੱਖ ਵੱਖ ਜੀਵਾਂ ਦੇ ਕਰੋੜਾਂ ਸਾਲ ਦੇ ਪੜਾਅ ਦਰ ਪੜਾਅ ਵਿਕਾਸ ਦਾ ਨਤੀਜਾ ਹੈ ਅਤੇ ਡਾਰਵਿਨ ਦੇ ਇਸ ਵਿਗਿਆਨਕ ਸਿਧਾਂਤ ਨੂੰ ਅੱਜ ਤਕ ਕਿਸੇ ਵੀ ਸੰਸਥਾ ਵਲੋਂ ਝੁਠਲਾਇਆ ਨਹੀਂ ਜਾ ਸਕਿਆ। ਉਨ੍ਹਾਂ ਨੇ ਮੋਦੀ ਸਰਕਾਰ ਉਤੇ ਕੌਮੀ ਸਿੱਖਿਆ ਨੀਤੀ – 2020 ਹੇਠ ਸਿੱਖਿਆ ਦੇ ਭਗਵੇਂਕਰਨ ,ਨਿੱਜੀਕਰਨ ਅਤੇ ਵਪਾਰੀਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਉਤੇ ਬੋਝ ਘਟਾਉਣ ਦੇ ਬਹਾਨੇ ਆਪਣੇ ਹਿੰਦੂ ਰਾਸ਼ਟਰ ਦੇ ਫ਼ਿਰਕੂ,ਫਾਸ਼ੀਵਾਦੀ ਅਤੇ ਰੂੜੀਵਾਦੀ ਏਜੰਡੇ ਹੇਠ ਡਾਰਵਿਨ ਦੇ ਕੌਮਾਂਤਰੀ ਪੱਧਰ ਤੇ ਸਰਬ ਪ੍ਰਮਾਣਿਤ ਮਨੁੱਖ ਦੀ ਉਤਪਤੀ ਦੇ ਵਿਗਿਆਨਕ ਸਿਧਾਂਤ ਨੂੰ ਸਿੱਖਿਆ ਸਿਲੇਬਸ ‘ਚੋਂ ਮਨਫੀ ਕਰਕੇ ਵਿਦਿਆਰਥੀਆਂ ਨੂੰ ਅੰਧਵਿਸ਼ਵਾਸ਼ਾਂ ਦੀ ਦਲਦਲ ਵਿਚ ਸੁੱਟਣਾ ਚਾਹੁੰਦੀ ਹੈ ਅਤੇ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ ਜਿਸਦਾ ਪੰਜਾਬ ਅਤੇ ਦੇਸ਼ ਭਰ ਦੀਆਂ ਸਮੂਹ ਤਰਕਸ਼ੀਲ ਤੇ ਵਿਗਿਆਨਕ ਸੰਸਥਾਵਾਂ, ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ ਅਤੇ ਜਮਹੂਰੀ ਜਨਤਕ ਜਥੇਬੰਦੀਆਂ ਵਲੋਂ ਸਖਤ ਵਿਰੋਧ ਕੀਤਾ ਜਾਵੇਗਾ।
ਮੀਟਿੰਗ ਵਿੱਚ ਚੇਤਨਾ ਪਰਖ਼ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਨ, ਪ੍ਰੀਖਿਆ ਦੇ ਸੁਚਾਰੂ ਪ੍ਰਬੰਧ ਕਰਨ, ਵਿਦਿਆਰਥੀਆਂ ਦਾ ਡਾਟਾ ਵੈਬਸਾਈਟ ਤੇ ਚੜ੍ਹਾਉਣ ਬਾਰੇ ਵੀ ਜ਼ਿਮੇਵਾਰੀਆਂ ਲਾਈਆਂ ਗਈਆਂ।

Related Articles

Leave a Reply

Your email address will not be published. Required fields are marked *

Back to top button